ਦਿਲਜੀਤ ਨੇ ਸਾਂਝਾ ਕੀਤਾ ‘ਪੰਜਾਬ 95’ ਦਾ ਡਾਇਲਾਗ, ਕਿਹਾ-…ਮੈਂ ਪਿੱਛੇ ਨਹੀਂ ਹਟ ਸਕਦਾ
ਵੀਓਪੀ ਬਿਊਰੋ – Punjab 95, diljit Dosanjh ਸੁਪਰਸਟਾਰ ਦਿਲਜੀਤ ਦੋਸਾਂਝ ਨੇ ਪੰਜਾਬ ਤੇ ਪੰਜਾਬੀ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੇਜਾਂ ‘ਚ ਖੜ੍ਹਾ ਕੀਤਾ ਹੈ। ਹੁਣ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ‘ਪੰਜਾਬ 95’ ਦੀ ਇੱਕ ਝਲਕ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ, ਜਿਸ ਨਾਲ ਫਿਲਮ ਬਾਰੇ ਚਰਚਾਵਾਂ ਫਿਰ ਤੇਜ਼ ਹੋ ਗਈਆਂ ਹਨ।


ਇਸ ਸੀਨ ਵਿੱਚ, ਅਰਜੁਨ ਰਾਮਪਾਲ ਅਤੇ ਹੋਰ ਪੰਜਾਬੀ ਕਲਾਕਾਰ ਦਿਲਜੀਤ ਦੇ ਨਾਲ ਦਿਖਾਈ ਦੇ ਰਹੇ ਹਨ, ਜਿੱਥੇ ਇੱਕ ਡਾਇਲਾਗ ਸੁਣਾਈ ਦਿੰਦਾ ਹੈ – “ਇਹ ਮਨੁੱਖੀ ਅਧਿਕਾਰ ਦੀ ਲੜਾਈ ਹੈ….ਮੈਂ ਪਿੱਛੇ ਨਹੀਂ ਹਟ ਸਕਦਾ।’

ਇਹ ਫਿਲਮ ਪੰਜਾਬ ਦੇ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਅਧਾਰਤ ਹੈ, ਜਿਨ੍ਹਾਂ ਨੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਹਜ਼ਾਰਾਂ ਲਾਪਤਾ ਲੋਕਾਂ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਸੀ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾ ਰਹੇ ਹਨ।

‘ਪੰਜਾਬ 95’ ਦਸੰਬਰ 2022 ਤੋਂ ਸੈਂਸਰ ਬੋਰਡ (CBFC) ਕੋਲ ਫਸਿਆ ਹੋਇਆ ਹੈ। ਸੈਂਸਰ ਬੋਰਡ ਨੇ ਫਿਲਮ ਵਿੱਚ 127 ਕੱਟ ਲਗਾਉਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਫਿਲਮ ਦੇ ਸਿਰਲੇਖ ਤੋਂ ‘ਪੰਜਾਬ’ ਸ਼ਬਦ ਹਟਾਉਣਾ, ਫਿਲਮ ਵਿੱਚ ਵਾਰ-ਵਾਰ ਬੋਲੇ ਜਾਂਦੇ ‘ਪੰਜਾਬ ਪੁਲਿਸ’ ਸ਼ਬਦਾਂ ਨੂੰ ਬਦਲ ਕੇ ਸਿਰਫ਼ ‘ਪੁਲਿਸ’ ਕਰਨਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਮ ਹਟਾਉਣਾ ਸ਼ਾਮਲ ਸੀ।


