ਕੈਨੇਡਾ ‘ਚ ਟਰਾਲੇ ‘ਚ ਵੱਜਾ ਟਰੱਕ, ਪੰਜਾਬੀ ਨੌਜਵਾਨ ਨੇ ਤੋੜਿਆ ਦਮ
ਵੀਓਪੀ ਬਿਊਰੋ – ਰਾਏਕੋਟ ਦੇ ਪਿੰਡ ਬ੍ਰਹਮਪੁਰ ਦੇ ਦਰਮਿਆਨੇ ਜ਼ਿਮੀਦਾਰ ਪਰਿਵਾਰ ਨਾਲ ਸਬੰਧ ਰੱਖ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਮਿ੍ਰਤਕ ਨੌਜਵਾਨ ਮਨਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬ੍ਰਹਮਪੁਰ ਦੇ ਛੋਟੇ ਭਰਾ ਜਤਿੰਦਰ ਸਿੰਘ ਸਰਾਂ ਤੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਤੜਕੇ 4.30 ਵਜੇ ਦੇ ਕਰੀਬ ਪਿੰਡ ਦੇ ਸਰਪੰਚ ਰਘਬੀਰ ਸਿੰਘ ਗੋਰਾ ਨੂੰ ਉਨ੍ਹਾਂ ਕੇ ਕਿਸੇ ਰਿਸ਼ਤੇਦਾਰ ਨੇ ਕੈਨੇਡਾ ਤੋਂ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਸਰਪੰਚ ਰਘਬੀਰ ਸਿੰਘ ਨੇ ਉਨ੍ਹਾਂ ਦੱਸਿਆ ਕਿ ਕੱਲ੍ਹ ਦਿਨੇ 12 ਵਜੇ ਦੇ ਕਰੀਬ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਉਸ ਦੇ ਵੱਡੇ ਭਰਾ ਮਨਿੰਦਰ ਸਿੰਘ ਦਾ ਟਰਾਲਾ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਚਾਲਕ ਨੇ ਅਚਾਨਕ ਟਰੱਕ ਨੂੰ ਸੜਕ ’ਤੇ ਚੜ੍ਹਾ ਦਿੱਤਾ ਅਤੇ ਆਪਣੀ ਰਫ਼ਤਾਰ ਨਾਲ ਰੋਡ ’ਤੇ ਆ ਰਿਹਾ ਮਨਿੰਦਰ ਸਿੰਘ ਦਾ ਟਰਾਲਾ ਉਸ ਟਰੱਕ ਦੇ ਪਿਛਲੇ ਪਾਸੇ ਵੱਜਿਆ, ਟੱਕਰ ਐਨੀ ਜਬਰਦਸਤ ਸੀ ਕਿ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਮਨਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੌਰਾਨ ਪੁਲਿਸ ਨੂੰ ਸਥਿਤੀ ਸੰਭਾਲਣ ਲਈ ਸੱਤ ਘੰਟੇ ਤੱਕ ਆਵਾਜਾਈ ਬੰਦ ਕਰਕੇ ਰੱਖਣੀ ਪਈ, ਜਦਕਿ ਹਾਦਸੇ ਉਪਰੰਤ ਪੁਲਿਸ ਪ੍ਰਸ਼ਾਸਨ ਉਸ ਦੀ ਮਿ੍ਰਤਕ ਦੇਹ ਪੋਸਟਮਾਰਟਮ ਲਈ ਕੈਲਗਿਰੀ ਵਿਖੇ ਹਸਪਤਾਲ ਲੈ ਕੇ ਗਈ ਅਤੇ ਦੋ ਦਿਨ੍ਹਾਂ ਡਾਕਟਰੀ ਤੇ ਪੁਲਿਸ ਕਾਰਵਾਈ ਉਪਰੰਤ ਹੀ ਮਨਿੰਦਰ ਦੇ ਅੰਤਿਮ ਸਸਕਾਰ ਸਬੰਧੀ ਸਪੱਸ਼ਟ ਹੋਵੇਗਾ।
ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਉਜਵਲ ਭਵਿੱਖ ਤੇ ਵਧੀਆ ਕੰਮਕਾਰ ਦੀ ਭਾਲ ਲਈ 2009 ਵਿਚ ਕੈਨੇਡਾ ਗਿਆ ਸੀ, ਜਿਥੇ ਉਹ ਟਰਾਲਾ ਚਾਲਕ ਵਜੋਂ ਕੰਮ ਕਰ ਰਿਹਾ ਸੀ ਪ੍ਰੰਤੂ ਬੀਤੀ ਕੱਲ੍ਹ ਇਹ ਭਾਣਾ ਵਾਪਰ ਗਿਆ, ਸਗੋਂ ਇੱਕ ਮਿਹਨਤਕਸ, ਹੋਣਹਾਰ, ਨਿੱਘੇ ਤੇ ਮਿਲਣਸਾਰ ਸੁਭਾਅ ਦੇ ਮਾਲਕ ਮਨਿੰਦਰ ਦੀ ਅਚਾਨਕ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਮੌਕੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਆਖਿਆ ਕਿ ਮਿ੍ਰਤਕ ਮਨਿੰਦਰ ਸਿੰਘ ਦਾ ਪਰਿਵਾਰ ਇੱਕ ਦਰਮਿਆਨਾ ਕਿਸਾਨ ਪਰਿਵਾਰ ਹੈ। ਇਸ ਲਈ ਸਰਕਾਰ ਵੱਲੋਂ ਇਸ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ, ਉਥੇ ਹੀ ਉਸ ਦੀ ਮਿ੍ਰਤਕ ਦੇਹ ਨੂੰ ਦੇਸ਼ ਲਿਆਂਦਾ ਜਾਵੇ। ਮਿ੍ਰਤਕ ਆਪਣੇ ਪਿਛੇ ਬਜ਼ੁਰਗ ਪਿਤਾ ਕੁਲਦੀਪ ਸਿੰਘ, ਮਾਤਾ ਕੁਲਦੀਪ ਕੌਰ ਤੇ ਛੋਟਾ ਭਰਾ ਜਤਿੰਦਰ ਸਿੰਘ ਸਰਾਂ ਛੱਡ ਗਿਆ।






