ਬਾਰਿਸ਼ ਨੇ ਹਾਲਾਤ ਕੀਤੇ ਬਦਤਰ, ਬਿਆਸ ਊਫਾਨ ‘ਤੇ, ਪਹਾੜ ‘ਚ ਤਬਾਹੀ
ਚੰਡੀਗੜ੍ਹ (ਵੀਓਪੀ ਬਿਊਰੋ) ਹਿਮਾਚਲ ਪ੍ਰਦੇਸ਼ ਅਤੇ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਸਣੇ ਚੰਡੀਗੜ੍ਹ ਵਿੱਚ ਜੰਮ ਕੇ ਬਾਰਿਸ਼ ਹੋਈ ਹੈ। ਖਰਾਬ ਮੌਸਮ ਯਾਨੀ ਤੇਜ਼ ਬਾਰੀਸ਼ ਨੇ ਜਨ ਜੀਵਨ ਪੂਰੀ ਤਰ੍ਹਾ ਪ੍ਰਭਾਵਿਤ ਕਰ ਦਿੱਤਾ ਹੈ। ਪੌਂਗ ਡੈਮ ਦੇ ਗੇਟ ਖੋਲ੍ਹਣ ਨਾਲ ਬਿਆਸ ਦਰਿਆ ਊਫਾਨ ‘ਤੇ ਹੈ ਅਤੇ ਨੇੜਲੇ ਪਿੰਡਾਂ ਵਿੱਚ ਹਰ ਆ ਗਿਆ ਹੈ।
ਬੀਤੀ ਰਾਤ ਕਿਨੌਰ ਜਿਲ੍ਹੇ ਦੇ ਪੂਹ ਖੇਤਰ ਵਿੱਚ ਬੱਦਲ ਫਟਣ ਦੀ ਘਟਨਾ ਨੇ ਹੋਰ ਵੀ ਸਥਿਤੀ ਚਿੰਤਾਜਨਕ ਕਰ ਦਿੱਤੀ। ਬੱਦਲ ਫਟਣ ਕਾਰਨ ਸਤਲੁਜ ‘ਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਰਾਮਪੁਰ ਬਾਜ਼ਾਰ ਇਲਾਕੇ ‘ਚ ਸਤਲੁਜ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ।
ਸ਼ਿਮਲਾ ਕੁਲੂ ਸੋਲਨ ਅਤੇ ਸਿਰਮੌਰ ਦੇ ਕਈ ਹਿੱਸਿਆ ‘ਚ ਪੂਰੀ ਰਾਤ ਅਤੇ ਸਵੇਰੇ ਤੇਜ਼ ਬਾਰੀਸ਼ ਹੁੰਦੀ ਰਹੀ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ, ਊਨਾ ਜ਼ਿਲ੍ਹੇ ਅਤੇ ਕੁੱਲੂ ਦੇ ਬੰਜਾਰ ਸਬ-ਡਿਵੀਜ਼ਨ ਦੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਹਨ। ਸ਼ਿਮਲਾ, ਥਿਓਗ, ਕੋਟਖਾਈ ਅਤੇ ਕੁੱਲੂ ਵਿੱਚ 20 ਤੋਂ ਵੱਧ ਵਾਹਨ ਮਲਬੇ ਹੇਠ ਦੱਬ ਗਏ। ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 3 ਰਾਸ਼ਟਰੀ ਰਾਜਮਾਰਗਾਂ ਸਮੇਤ 500 ਤੋਂ ਵੱਧ ਸੜਕਾਂ ਬੰਦ ਹੋ ਗਈਆਂ। ਹਿਮਾਚਲ ਦੇ ਵੱਖ-ਵੱਖ ਖੇਤਰਾਂ ਤੋਂ ਨੁਕਸਾਨ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਮੌਸਮ ਵਿਭਾਗ ਨੇ ਚੰਬਾ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਪੂਰੇ ਦਿਨ ਲਈ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਹੋਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਗੜਬੜੀ ਕੱਲ੍ਹ ਤੋਂ ਥੋੜ੍ਹੀ ਕਮਜ਼ੋਰ ਹੋ ਜਾਵੇਗੀ। ਪਰ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹੇਗੀ। ਇਸ ਮਾਨਸੂਨ ਸੀਜ਼ਨ ਵਿੱਚ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਕਾਰਨ 2031 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ। ਇਸ ਸਮੇਂ ਦੌਰਾਨ 241 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ਵਿੱਚੋਂ 33 ਲੋਕਾਂ ਦੀ ਮੌਤ ਜ਼ਮੀਨ ਖਿਸਕਣ, ਹੜ੍ਹਾਂ ਅਤੇ ਬੱਦਲ ਫਟਣ ਕਾਰਨ ਹੋਈ ਹੈ, ਜਦੋਂ ਕਿ 36 ਲੋਕ ਲਾਪਤਾ ਹਨ।





