ਗੁਰੂ ਘਰ ਦਾ ਪਾਠੀ ਸਿੰਘ ਸੇਵਾਮੁਕਤ ਹੋਇਆ ਤਾਂ ਪਿੰਡ ਵਾਸੀਆਂ ਨੇ ਨਵਾਂ ਘਰ ਬਣਾ ਕੇ ਕੀਤਾ ਗਿਫਟ
ਸੰਗਰੂਰ (ਵੀਓਪੀ ਬਿਊਰੋ) ਸੰਗਰੂਰ ਦੇ ਪਿੰਡ ਦੇਹ ਕਲਾਂ ਵਾਸੀਆਂ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਪਿੰਡ ਵਾਸੀਆਂ ਨੇ ਪਿੰਡ ਦੇ ਗੁਰੂ ਘਰ ਵਿੱਚ ਕਰੀਬ 35 ਸਾਲ ਤੋਂ ਸੇਵਾ ਕਰ ਰਹੇ ਪਾਠੀ ਸਿੰਘ ਨੂੰ ਸੇਵਾਮੁਕਤੀ ਮੌਕੇ ਨਵਾਂ ਘਰ ਬਣਾ ਕੇ ਦਿੱਤਾ। ਪਿੰਡ ਵਾਸੀਆਂ ਦੀ ਇਸ ਮਿਸਾਲ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਪ੍ਰਸ਼ੰਸ਼ਾ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਦੇਹ ਕਲਾਂ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਐੱਨਆਰਆਈ ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ ਹੈ। ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬਹੁਤ ਖੁਸ਼ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਜਗ੍ਹਾ ਦੇ ਉੱਪਰ ਘਰ ਬਣਵਾ ਕੇ ਦਿੱਤਾ ਗਿਆ ਹੈ ਉਹ ਪਾਠੀ ਸਾਹਿਬ ਦੀ ਖੁਦ ਦੀ ਸੀ।
ਪਿੰਡ ਦੇਹ ਕਲਾਂ ਦੇ ਗੁਰੂ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਠੀ ਸੇਵਾ ਕਰ ਰਿਹਾ ਸੀ। ਜਦੋਂ ਐੱਨਆਰਆਈ ਭਰਾਵਾਂ ਤੱਕ ਗੱਲ ਪਹੁੰਚੀ ਕੀ ਪਾਠੀ ਸਾਹਿਬ ਨੂੰ ਘਰ ਬਣਾ ਕੇ ਦੇਣਾ ਹੈ ਤਾਂ ਐਨਆਰਆਈ ਭਰਾ ਅੱਗੇ ਆਏ ਅਤੇ ਉਹਨਾਂ ਨੇ ਪਿੰਡ ਦੇ ਨਾਲ ਸਲਾਹ ਮਸ਼ਵਰਾ ਕਰਕੇ ਘਰ ਬਣਵਾ ਕੇ ਦਿੱਤਾ ਗਿਆ ਜਦੋਂ ਐਨਆਰਆਈ ਡਿੰਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਗੱਲ ਸਾਡੇ ਤੱਕ ਪਹੁੰਚੀ ਤਾਂ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਘਰ ਬਣਵਾਣਾ ਸ਼ੁਰੂ ਕੀਤਾ।
ਇਹ ਸਾਡੇ ਵੱਲੋਂ ਪਾਠੀ ਸਾਹਿਬ ਨੂੰ ਰਿਟਾਇਰਮੈਂਟ ਗਿਫਟ ਹੈ ਕਿਉਂਕਿ ਇਹਨਾਂ ਨੇ ਪੂਰੀ ਇਮਾਨਦਾਰੀ ਅਤੇ ਲਗਨ ਨਾਲ 35 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ। ਅੱਜ ਨਵੇਂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ।





