ਇਸਾਈ ਭਾਈਚਾਰੇ ਨੇ ਚੁੱਕੀ ਰਵਨੀਤ ਬਿੱਟੂ ਖਿਲਾਫ ਆਵਾਜ਼, ਕਿਹਾ- ਜਲਦੀ ਮੰਗਣ ਮੁਆਫੀ
ਚੰਡੀਗੜ੍ਹ (ਵੀਓਪੀ ਬਿਊਰੋ) ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਸਾਈ ਭਾਈਚਾਰੇ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ, ਉਸ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਲਦ ਮੁਆਫੀ ਮੰਗਣ ਲਈ ਕਿਹਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪਿਛਲੇ ਦਿਨ ਪੰਜਾਬ ਵਿੱਚ ਮਸੀਹ ਭਾਈਚਾਰੇ ਖਿਲਾਫ ਦਿੱਤੇ ਬਿਆਨ ਨੂੰ ਲੈਕੇ ਮਸੀਹੀ ਭਾਈਚਾਰੇ ਅੰਦਰ ਰੋਸ ਦੀ ਲਹਿਰ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਰਵਨੀਤ ਬਿੱਟੂ ਅਜਿਹੇ ਅਣ ਅਧਿਕਾਰਤ ਬਿਆਨ ਦੇਣ ਤੋਂ ਗੁਰੇਜ਼ ਕਰਨ। ਰਵਨੀਤ ਬਿੱਟੂ ਜਲਦ ਤੋਂ ਜਲਦ ਅਣ ਸੰਵਿਧਾਨਿਕ ਬਿਆਨਾਂ ਸਬੰਧੀ ਸਮੂਹ ਇਸਾਈ ਭਾਈਚਾਰੇ ਤੋਂ ਜਨਤਕ ਤੌਰ ‘ਤੇ ਮਾਫੀ ਮੰਗਣ। ਲਗਾਤਾਰ ਘੱਟ ਗਿਣਤੀ ਕਮਿਸ਼ਨ ਕੋਲ ਇਸਾਈ ਭਾਈਚਾਰੇ ਵੱਲੋਂ ਰਵਨੀਤ ਬਿੱਟੂ ਵਿਰੁੱਧ ਸ਼ਿਕਾਇਤਾਂ ਪਹੁੰਚ ਰਹੀਆਂ ਸਨ।
ਸ਼ਿਕਾਇਤਾਂ ਨੂੰ ਦੇਖਦੇ ਹੋਏ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਮੈਨ ਗੌਰਵ ਮਸੀਹ ਜਤਿੰਦਰ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਕਿ ਰਵਨੀਤ ਬਿੱਟੂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਿਆ ਜਾਵੇ। ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਕੇ ਅਤੇ ਇਹ ਕਹਿ ਕੇ ਰਾਜਨੀਤਿਕ ਹਲਚਲ ਮਚਾ ਦਿੱਤੀ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਅਗਲਾ ਮਿਸ਼ਨ “ਈਸਾਈ ਧਰਮ ਅਪਣਾਉਣ ਵਾਲੇ ਸਿੱਖਾਂ ਨੂੰ ਵਾਪਸ ਲਿਆਉਣਾ” ਹੋਵੇਗਾ।
ਰਾਜਪੁਰਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ, ਬਿੱਟੂ ਨੇ ਦਾਅਵਾ ਕੀਤਾ ਸੀ ਕਿ ਦੇਸ਼ ਭਰ ਵਿੱਚ ਮਾਓਵਾਦੀਆਂ ਦਾ ਸਫਾਇਆ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ, ਆਰਐਸਐਸ ਹੁਣ ਪੰਜਾਬ ‘ਤੇ ਧਿਆਨ ਕੇਂਦਰਿਤ ਕਰੇਗਾ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਅਗਲੇ ਪੰਜ ਸਾਲਾਂ ਵਿੱਚ, ਆਰਐਸਐਸ ਇਹ ਯਕੀਨੀ ਬਣਾਏਗਾ ਕਿ ਧਰਮ ਬਦਲ ਚੁੱਕੇ ਸਿੱਖ ਮੁੜ ਸਿੱਖ ਧਰਮ ਅਪਣਾਉਣ।





