ਬੇਅਦਬੀ… ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਔਰਤ ਨੇ ਲਾਹ ਸੁੱਟੇ ਕੱਪੜੇ
ਵੀਓਪੀ ਬਿਊਰੋ – ਲੁਧਿਆਣਾ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਦਿਨੀ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਬੀਬੀ ਦੇ ਵੱਲੋਂ ਆਪਣੇ ਕੱਪੜੇ ਉਤਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਦੇ ਵੱਲ ਚਲਾ ਕੇ ਮਾਰੇ ਗਏ ਸਨ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਕੌਮ ਵਿੱਚ ਰੋਸ ਦੀ ਲਹਿਰ ਸੀ ਅਤੇ ਹਰ ਕਿਸੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਬੀਬੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸਤੋਂ ਬਾਅਦ ਪੁਲਿਸ ਨੇ ਬੇਅਦਬੀ ਕਰਨ ਵਾਲੀ ਬੀਬੀ ਪ੍ਰਕਾਸ਼ ਕੌਰ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ।
ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਚੀਮਾ ਨੇ ਆਖਿਆ ਕਿ ਜਣਾ-ਖਣਾ ਉੱਠ ਕੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਲੱਗ ਪਿਆ ਹੈ, ਇਸ ਦਾ ਮੁੱਖ ਕਾਰਨ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਧਰਾਵਾਂ ਤਹਿਤ ਸਜ਼ਾ ਨਹੀਂ ਦਿੱਤੀ ਜਾਂਦੀ ਅਗਰ ਕਿਸੇ ਦੋਸ਼ੀ ਉੱਪਰ ਮੁਕਦਮਾ ਦਰਜ ਕਰ ਵੀ ਦਿੱਤਾ ਜਾਂਦਾ ਹੈ ਤਾਂ ਵੀ ਉਹ ਦੋਸ਼ੀ ਕੁਝ ਮਹੀਨੇ ਬਾਅਦ ਬਾਹਰ ਆ ਕੇ ਉਸ ਘਟਨਾ ਨੂੰ ਜਿੱਥੇ ਅੰਜਾਮ ਫਿਰ ਤੋਂ ਦਿੰਦਾ ਹੈ, ਉੱਥੇ ਹੀ ਉਸ ਨੂੰ ਵੇਖ ਕੇ ਹੋਰ ਮੁਜ਼ਰਮ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚਦੇ ਹਨ।
ਉਹਨਾਂ ਕਿਹਾ ਕਿ ਕੱਲ ਦੀ ਇਸ ਘਟਨਾ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਪਈ ਇੱਕ ਪਾਸੇ ਤਾਂ ਆਖਦੀ ਹੈ ਕਿ ਬੇਅਦਬੀ ਤੇ ਸਖਤ ਕਾਨੂੰਨ ਬਣਾਇਆ ਜਾਵੇਗਾ ਦੂਜੇ ਪਾਸੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਉੱਪਰ ਮੁਕਦਮਾ ਦਰਜ ਕਰਨ ਤੋਂ ਡਰਦੀ ਹੈ।
ਉੱਥੇ ਹੀ ਇਸ ਸਬੰਧੀ ਜਦੋਂ ਥਾਣਾ ਸਾਹਨੇਵਾਲ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਮੁਕਦਮਾ ਦਰਜ ਕਰ ਦਿੱਤਾ ਗਿਆ ਜਲਦ ਹੀ ਬੀਬੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।





