ਧਰਮ ਤੋਂ ਦੂਰ ਰਹਿਣ ਸਿਆਸੀ ਆਗੂ, ਆਉਂਦੇ ਨੇ ਤੇ ਅੱਗ ਲਾ ਜਾਂਦੇ ਨੇ: ਭਾਜਪਾ ਆਗੂ

ਧਰਮ ਤੋਂ ਦੂਰ ਰਹਿਣ ਸਿਆਸੀ ਆਗੂ, ਆਉਂਦੇ ਨੇ ਤੇ ਅੱਗ ਲਾ ਜਾਂਦੇ ਨੇ: ਭਾਜਪਾ ਆਗੂ

ਦਿੱਲੀ (ਵੀਓਪੀ ਬਿਊਰੋ) ਦੇਸ਼ ਦੀ ਸਿਆਸਤ ਸ਼ੁਰੂ ਤੋਂ ਧਰਮ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਜਲਦ ਭੜਕਾਇਆ ਜਾ ਸਕਦਾ ਹੈ, ਇਸੇ ਦਾ ਫਾਇਦਾ ਸਿਆਸਤਦਾਨ ਚੁੱਕਦੇ ਹਨ। ਆਪਣਾ ਧਰਮ ਖਤਰੇ ਵਿੱਚ ਹੋਣ ਦਾ ਨਾਅਰਾ ਦਿੰਦੇ ਨੇ ਅਤੇ ਫਿਰ ਸੁਰੱਖਿਆ ਗਾਰਡ ਬਣ ਕੇ ਫਾਇਦਾ ਚੁੱਕਦੇ ਹੋਏ ਸਿਆਸਤ ਕਰਦੇ ਹਨ।

ਇਸੇ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਤਰੀਆਂ ਅਤੇ ਨੇਤਾਵਾਂ ਨੂੰ ਧਾਰਮਿਕ ਕਾਰਜਾਂ ਤੋਂ ਦੂਰ ਰੱਖਣ। ਧਰਮ ਦੇ ਨਾਮ ‘ਤੇ ਰਾਜਨੀਤੀ ਸਮਾਜ ਲਈ ਨੁਕਸਾਨਦੇਹ ਹੈ। ਗਡਕਰੀ ਨਾਗਪੁਰ ਵਿੱਚ ਮਹਾਨੁਭਾਵ ਸੰਪਰਦਾਇ ਸੰਮੇਲਨ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਿਆਸਤਦਾਨ ਪ੍ਰਵੇਸ਼ ਕਰਦੇ ਹਨ, ਉਹ ਅੱਗ ਬਾਲੇ ਬਿਨਾ ਨਹੀਂ ਜਾਂਦੇ। ਜੇਕਰ ਧਰਮ ਨੂੰ ਸੱਤਾ ਦਿੱਤੀ ਜਾਵੇ ਤਾਂ ਨੁਕਸਾਨ ਹੀ ਹੋਵੇਗਾ।

ਗਡਕਰੀ ਨੇ ਕਿਹਾ ਕਿ ਧਾਰਮਿਕ ਕੰਮ, ਸਮਾਜਿਕ ਕੰਮ ਅਤੇ ਰਾਜਨੀਤਿਕ ਕੰਮ ਵੱਖ-ਵੱਖ ਹਨ। ਧਰਮ ਨਿੱਜੀ ਵਿਸ਼ਵਾਸ ਦਾ ਮਾਮਲਾ ਹੈ। ਕੁਝ ਸਿਆਸਤਦਾਨ ਇਸਦੀ ਵਰਤੋਂ ਕਰਦੇ ਹਨ। ਇਸ ਕਾਰਨ ਵਿਕਾਸ ਅਤੇ ਰੁਜ਼ਗਾਰ ਦਾ ਮਾਮਲਾ ਸੈਕੰਡਰੀ ਹੋ ਜਾਂਦਾ ਹੈ। ਗਡਕਰੀ ਨੇ ਕਿਹਾ ਕਿ ਮਹਾਨੁਭਾਵ ਸੰਪਰਦਾਇ ਦੇ ਸੰਸਥਾਪਕ ਚੱਕਰਧਰ ਸਵਾਮੀ ਦੀਆਂ ਸਿੱਖਿਆਵਾਂ ਹਰ ਕਿਸੇ ਦੇ ਜੀਵਨ ਲਈ ਪ੍ਰੇਰਨਾ ਹਨ। ਉਨ੍ਹਾਂ ਕਿਹਾ ਕਿ ਵਿਅਕਤੀ ਵਿੱਚ ਬਦਲਾਅ ਉਸਦੀਆਂ ਕਦਰਾਂ-ਕੀਮਤਾਂ ਤੋਂ ਆਉਂਦਾ ਹੈ। ਚੱਕਰਧਰ ਸਵਾਮੀ ਨੇ ਸੱਚ, ਅਹਿੰਸਾ, ਸ਼ਾਂਤੀ, ਮਨੁੱਖਤਾ ਅਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ਸਿਖਾਈਆਂ।

ਉਨ੍ਹਾਂ ਕਿਹਾ ਕਿ ਜੀਵਨ ਵਿੱਚ ਸੱਚਾਈ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ। ਗਡਕਰੀ ਨੇ ਕਿਹਾ ਕਿ ਇਮਾਨਦਾਰੀ, ਭਰੋਸੇਯੋਗਤਾ ਅਤੇ ਸਮਰਪਣ ਵਰਗੀਆਂ ਕਦਰਾਂ-ਕੀਮਤਾਂ ਸਮਾਜ ਵਿੱਚ ਬਹੁਤ ਮਹੱਤਵਪੂਰਨ ਹਨ।

error: Content is protected !!