ਸਿੱਖ ਸਿਆਸਤ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਅੱਗੇ ਆਉਣ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ (ਵੀਓਪੀ ਬਿਊਰੋ) ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਵਾਲੇ ਹਾਂ ਤੇ ਸਾਡੀ ਵਰਕਿੰਗ ਕਮੇਟੀ ਦੇ 56 ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰਣ ਤੇ ਅਰਦਾਸ ਕਰਨ ਆਏ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਦਾ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੂਰਾ ਅਜੰਡਾ ਸਪਸ਼ਟ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇੱਕ “ਗੁੱਝੀ ਸਾਜ਼ਿਸ਼” ਤਹਿਤ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਦੂਰ ਕੀਤਾ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਤੇ ਬੁੱਧੀਜੀਵੀ ਵਰਗ ਦੁਬਾਰਾ ਸਿੱਖ ਸਿਆਸਤ ਨਾਲ ਜੁੜਨ। “ਸਿੱਖ ਸਿਆਸਤ ਹੀ ਉਹ ਤਾਕਤ ਹੈ ਜੋ ਪੰਜਾਬ ਅਤੇ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਪੰਜਾਬ ਦੀ ਆਰਥਿਕ ਹਾਲਤ ਉਤੇ ਚਿੰਤਾ ਜ਼ਾਹਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਪ੍ਰੈਲ ਤੋਂ ਅਗਸਤ ਤੱਕ ਪੰਜਾਬ ਸਰਕਾਰ ਨੇ 13,326 ਕਰੋੜ ਦਾ ਕਰਜ਼ਾ ਲਿਆ ਹੈ, ਜਦਕਿ ਕੁੱਲ ਕਰਜ਼ਾ ਲਗਭਗ ਪੌਣੇ ਚਾਰ ਲੱਖ ਕਰੋੜ ਹੋ ਗਿਆ ਹੈ।
ਇਹ ਕਿਹੋ ਜਿਹੀ ਰਾਜਨੀਤੀ ਹੈ ਜੋ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਕਰਜ਼ਾਈ ਬਣਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲਿਆਂ ਤੇ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਮੌਜੂਦਾ ਸਰਕਾਰਾਂ ਦੀ ਨਾਕਾਮੀ ਉਤੇ ਵੀ ਪ੍ਰਸ਼ਨ ਉਠਾਏ। ਉਹਨਾਂ ਕਿਹਾ ਕਿ ਜਿਨ੍ਹਾਂ ਨੇ 24 ਘੰਟਿਆਂ ਵਿੱਚ ਦੋਸ਼ੀਆਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ ਸੀ, ਉਹ ਅੱਜ ਵੀ ਖਾਮੋਸ਼ ਹਨ। ਉਹਨਾਂ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਦੁਬਾਰਾ ਮਜਬੂਤ ਕੀਤਾ ਜਾਵੇਗਾ ਕਿਉਂਕਿ ਇਹੀ ਸੰਗਠਨ ਪਹਿਲਾਂ ਅਕਾਲੀ ਸਿਆਸਤ ਦੀ ਰੀੜ੍ਹ ਦੀ ਹੱਡੀ ਰਹੇ ਹਨ।
ਇਸ ਲਈ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਧਰਾਤਲ ਤੋਂ ਰਿਪੋਰਟ ਦੇਵੇਗੀ। ਹੜ ਪ੍ਰਭਾਵਿਤ ਇਲਾਕਿਆਂ ਲਈ ਕੀਤੀ ਸੇਵਾ ਬਾਰੇ ਉਹਨਾਂ ਦੱਸਿਆ ਕਿ ਪਾਰਟੀ ਨੇ 1 ਲੱਖ ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ ਹੈ ਅਤੇ ਗ੍ਰੰਥੀ ਸਿੰਘਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਛੇ ਮਹੀਨਿਆਂ ਤੱਕ ਸਹਾਇਤਾ ਦਿੱਤੀ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਅਕਾਲ ਪੁਰਖ ਦੇ ਅਸ਼ੀਰਵਾਦ ਨਾਲ ਪਾਰਟੀ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਸੋਚ ਅਤੇ ਨਵੀਂ ਸ਼ੁਰੂਆਤ ਲਿਆਵੇਗੀ।









