ਅਦਾਲਤ ਦਾ ਹੁਕਮ- “ਮੁੱਖ ਮੰਤਰੀ ਵਿਰੁੱਧ ਕਿੰਨੀਆਂ ਪੋਸਟਾਂ ਕਰ ਦਿਓ ਡਿਲੀਟ”
ਵੀਓਪੀ ਬਿਊਰੋ – ਮੁੱਖ ਮੰਤਰੀ ਭਗਵੰਤ ਮਾਨ ਦੀ ਫੇਸਬੁੱਕ ‘ਤੇ ਜਗਮਨ ਸਮਰਾ ਨਾਂਅ ਦੇ ਅਕਾਊਂਟ ਤੋਂ ਵਾਇਰਲ ਹੋਈ ਫਰਜ਼ੀ ਵੀਡੀਓ ਦਾ ਮਾਮਲਾ ਭੱਖਦਾ ਜਾ ਰਿਹਾ ਹੈ ਅਤੇ ਹੁਣ ਇਸ ਮਾਮਲੇ ਨੂੰ ਲੈ ਪ੍ਰਸ਼ਾਸਨ ਨੇ ਹੋਰ ਸਖਤੀ ਕਰ ਦਿੱਤੀ ਹੈ।
ਹੁਣ ਮੁਹਾਲੀ ਅਦਾਲਤ ਵੱਲੋਂ ਮਾਮਲੇ ਵਿੱਚ ਇੱਕ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਇਤਰਾਜ਼ਯੋਗ ਪੋਸਟਾਂ ਵਿਰੁੱਧ ਕਾਰਵਾਈ ਲਈ ਆਦੇਸ਼ ਜਾਰੀ ਕੀਤਾ ਹੈ।
ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ ‘ਤੇ ਫੇਸਬੁੱਕ ਨੂੰ ਸਾਰੀਆਂ ਸਮਾਨ ਜਾਂ ਇੱਕੋ ਜਿਹੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿੱਤਾ।
ਇਸ ਦੇ ਨਾਲ ਹੀ ਗੂਗਲ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਯਕੀਨੀ ਬਣਾਵੇ ਕਿ ਅਜਿਹੀ ਸਮੱਗਰੀ ਸਰਚ ਨਤੀਜਿਆਂ ਵਿੱਚ ਨਾ ਦਿਖਾਈ ਦੇਵੇ। ਜੇਕਰ ਫੇਸਬੁੱਕ ਅਤੇ ਗੂਗਲ ਵੀਡੀਓ ਨੂੰ ਬਲਾਕ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫੇਸਬੁਕ ‘ਤੇ ਜਗਮਨ ਸਮਰਾ ਦੇ ਨਾਂ ਦੇ ਇੱਕ ਸ਼ਖਸ ਨੇ ਸੀਐੱਮ ਮਾਨ ਦੀਆਂ ਕਥਿਤ ਫੇਕ ਵੀਡੀਓ ਵਾਇਰਲ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਮੁਹਾਲੀ ਸਾਈਬਰ ਕ੍ਰਾਈਮ ਪੁਲਿਸ ਨੇ ਉਸ ਸ਼ਖਸ ਦੇ ਖਿਲਾਫ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਵੀ ਸੁਰੂ ਕਰ ਦਿੱਤੀ ਹੈ।


