ਪਰਾਲੀ ਨੂੰ ਅੱਗ ਲਾਉਣ ‘ਤੇ ਕਿਸਾਨਾਂ ਖਿਲਾਫ਼ ਦਰਜ ਕੀਤਾ ਕੇਸ, 300 ਤੋਂ ਉੱਪਰ ਹੋਈ AQI

ਪਰਾਲੀ ਨੂੰ ਅੱਗ ਲਾਉਣ ‘ਤੇ ਕਿਸਾਨਾਂ ਖਿਲਾਫ਼ ਦਰਜ ਕੀਤਾ ਕੇਸ, 300 ਤੋਂ ਉੱਪਰ ਹੋਈ AQI

 

 

ਜਲੰਧਰ (ਵੀਓਪੀ ਬਿਊਰੋ) – ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਗਰਮਾਇਆ ਹੋਇਆ ਹੈ।ਦਿੱਲੀ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਨੇ ਤਾਂ ਕਰਕੇ ਦਿੱਲੀ ਵਿੱਚ ਪੋਲਿਊਸ਼ਨ ਵੱਧ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਵੀ ਦਿੱਲੀ ਸਰਕਾਰ ਨੂੰ ਸਖਤ ਜਵਾਬ ਦਿੱਤਾ ਹੈ ਕਿ ਅਜੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਵੀ ਨਹੀਂ ਹੋਈ ਤਾਂ ਦਿੱਲੀ ਵਿੱਚ ਧੂੰਆਂ ਪੰਜਾਬ ਦਾ ਕਿਵੇਂ ਪਹੁੰਚ ਸਕਦਾ ਹੈ। ਇਸੇ ਮਾਮਲੇ ਨੂੰ ਲੈ ਕੇ ਹੁਣ ਦੋ ਕਿਸਾਨਾਂ ਖਿਲਾਫ ਜਲੰਧਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ।

ਜਲੰਧਰ ਵਿੱਚ ਦੋ ਕਿਸਾਨਾਂ ਵਿਰੁੱਧ ਦੋ ਵੱਖ-ਵੱਖ ਥਾਣਿਆਂ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਹਨ। ਇੱਕ ਮਾਮਲੇ ਵਿੱਚ ਮਹਿਤਪੁਰ ਪੁਲਿਸ ਸਟੇਸ਼ਨ ਨੇ ਰਾਮਪੁਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਵਿਰੁੱਧ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਹ ਮਾਮਲਾ ਨੂਰਮਹਿਲ ਦੇ ਰਹਿਣ ਵਾਲੇ ਪਟਵਾਰੀ ਵਰਿੰਦਰ ਕੁਮਾਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।

ਦੂਜੇ ਮਾਮਲੇ ਵਿੱਚ ਲੋਹੀਆਂ ਪੁਲਿਸ ਸਟੇਸ਼ਨ ਨੇ ਮੰਡਾਲਾ ਪਿੰਡ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿੱਚ ਮੰਡਾਲਾ ਦੇ ਰਹਿਣ ਵਾਲੇ ਸਰਵਣ ਵਿਰੁੱਧ ਕੇਸ ਦਰਜ ਕੀਤਾ ਸੀ। ਇਹ ਕਾਰਵਾਈ ਗ੍ਰਾਮ ਰੁਜ਼ਗਾਰ ਅਧਿਕਾਰੀ ਰਾਜਿੰਦਰ ਸਿੰਘ ਦੇ ਪੱਤਰ ਅਤੇ ਪਟਵਾਰੀ ਬਲਕਾਰ ਸਿੰਘ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਸੀ। ਰਿਪੋਰਟ ਦੇ ਅਨੁਸਾਰ, 26 ਅਕਤੂਬਰ ਨੂੰ ਮੰਡਾਲਾ ਪਿੰਡ ਦੇ ਇੱਕ ਖੇਤ ਵਿੱਚ ਪਰਾਲੀ ਸਾੜਨ ਦੇ ਸਬੂਤ ਮਿਲੇ ਸਨ। ਜ਼ਮੀਨ ਦਾ ਮਾਲਕ ਸਾਧੂ ਰਾਮ ਸੀ, ਜਿਸਦੀ ਮੌਤ ਹੋ ਚੁੱਕੀ ਹੈ। ਜ਼ਮੀਨ ਦਾ ਪ੍ਰਬੰਧਨ ਸਰਵਣ ਨਾਮ ਦੇ ਇੱਕ ਕਿਸਾਨ ਦੁਆਰਾ ਕੀਤਾ ਜਾਂਦਾ ਸੀ। ਲੋਹੀਆਂ ਥਾਣੇ ਦੇ ਏਐਸਆਈ ਉਮੇਸ਼ ਕੁਮਾਰ ਨੇ ਪਰਾਲੀ ਸਾੜਨ ਦੇ ਸਬੂਤ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਤੱਕ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੇ 26 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 6 ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਹੈ। ਪਰਾਲੀ ਸਾੜਨ ਕਾਰਨ ਹਵਾ ਦੀ ਗੁਣਵੱਤਾ ਵੀ ਵਿਗੜ ਗਈ ਹੈ। ਇਸ ਕਾਰਨ ਏਕਿਊਆਈ 312 ਤੱਕ ਪਹੁੰਚ ਗਿਆ। ਸੋਮਵਾਰ ਨੂੰ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 163 ਸੀ, ਜੋ ਮੰਗਲਵਾਰ ਨੂੰ ਵਧ ਕੇ 307 ਅਤੇ ਬੁੱਧਵਾਰ ਨੂੰ 312 ਹੋ ਗਿਆ।

error: Content is protected !!