ਸਰਕਾਰ ਨੂੰ ਅਲਟੀਮੇਟਮ… ਤਿੰਨ ਦਿਨ ਸਰਕਾਰੀ ਬੱਸਾਂ ਦੇ ਚੱਕਾ ਜਾਮ ਦੀ ਚੇਤਾਵਨੀ
ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਦੇ ਰਾਹ ‘ਤੇ ਚੱਲ ਰਹੇ ਹਨ ਅਤੇ ਆਏ ਦਿਨ ਚੱਕਾ ਜਾਮ ਕਰਦੇ ਹਨ। ਹੁਣ ਫਿਰ ਪੰਜਾਬ ਰੋਡਵੇਜ਼, ਪਨਬੱਸ/PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ। ਇਸ ਦੌਰਾਨ ਆਗੂਆਂ ਨੇ ਕਿਹਾ ਕਿ 4 ਸਾਲ ਹੋ ਚੱਲੇ ਨੇ ਪੰਜਾਬ ਦੀ ਨਵੀਂ ਬਣੀ ਸਰਕਾਰ ਨੂੰ ਪਰ ਇਨ੍ਹਾਂ ਨੇ ਟਰਾਂਸਪੋਰਟ ਵਿਚ ਇਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ।
ਸਰਕਾਰ ਅਤੇ ਮੈਨੇਜਮੈਂਟ ਨੂੰ ਵਾਰ-ਵਾਰ ਤਰਕ ਦੇਣ ਦੇ ਬਾਵਜੂਦ ਵੀ ਸਰਕਾਰ ਵਾਰ-ਵਾਰ ਕਿਲੋਮੀਟਰ ਸਕੀਮ ਨੂੰ ਤਰਜੀਹ ਦੇ ਕੇ ਟੈਂਡਰ, ਲੈ ਕੇ ਆ ਰਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 8, 9, 10 ਦਸੰਬਰ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਬੱਸਾਂ ਦਾ ਚੱਕਾ ਜਾਮ ਰਹੇਗਾ ਤਾਂ ਸੁਭਾਵਿਕ ਹੀ ਹੈ ਕਿ ਯਾਤਰੀਆਂ ਨੂੰ ਪਰੇਸ਼ਾਨ ਹੋਣਾ ਪਵੇਗਾ।


