ਚੰਨੀ, ਬਾਜਵਾ, ਵੜਿੰਗ ਤੇ ਰੰਧਾਵਾ ‘ਤੇ ਭੜਕੀ ਡਾ. ਸਿੱਧੂ, ਜਵਾਬ ਮਿਲਿਆ- “ਸਿੱਧੂ ਜੋੜੇ ਨੂੰ ਪਾਰਟੀ ‘ਚੋਂ ਕੱਢੋ”
ਵੀਓਪੀ ਬਿਊਰੋ – ਪੰਜਾਬ ਦੀ ਸਿਆਸਤ ਇਸ ਸਮੇਂ ਕਾਂਗਰਸ ਵੱਲ ਮੁੜ ਗਈ ਹੈ, ਇਹ ਕਹਿਣਾ ਗਲਤ ਵੀ ਨਹੀਂ ਹੈ ਕਿਉਂਕਿ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਕਾਂਗਰਸ ਵਿੱਚ ਨਵੀਂ ਹੀ ਜੰਗ ਛੇੜ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਮੰਗ ਕਰ ਚੁੱਕੇ ਹਨ ਅਤੇ ਫਿਰ ਉਨ੍ਹਾਂ ਨੇ ਕਿਹਾ ਕਿ ਕਾਂਗਰਸ 500 ਕਰੋੜ ਰੁਪਏ ਲੈ ਕੇ ਮੁੱਖ ਮੰਤਰੀ ਐਲਾਨਦੀ ਹੈ। ਇਸ ਤੋਂ ਬਾਅਦ ਕਾਂਗਰਸ ਵੱਲੋਂ ਸਿੱਧੂ ਜੋੜੇ ਦੇ ਬਿਆਨ ਨੂੰ ਨਾਕਾਰਦਿਆਂ ਹੋਏ ਕਿਹਾ ਗਿਆ ਕਿ ਸਿੱਧੂ ਜੋੜਾ ਕਾਂਗਰਸ ਤੋਂ ਇਲਾਵਾ ਹੋਰ ਕੋਈ ਪਾਰਟੀ ‘ਚ ਸ਼ਾਮਲ ਹੋ ਜਾਣ।
ਇਸ ਤੋਂ ਬਾਅਦ ਹੁਣ ਡਾ. ਨਵਜੋਤ ਕੌਰ ਸਿੱਧੂ ਮੁੜ ਤੋਂ ਕਾਂਗਰਸ ਦੇ ਖਿਲਾਫ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਹੁਣ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਪੈਸੇ ਲੈਣ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ। ਡਾ. ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਚਾਰ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਧੜੇਬੰਦੀ ਕਾਰਨ ਹੀ ਕਾਂਗਰਸ ਜਿੱਤ ਨਹੀਂ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇੱਕ ਹਨ ਤੇ ਉਨ੍ਹਾਂ ਦੇ ਸਬੰਧ ਗੈਂਗਸਟਰਾਂ ਨਾਲ ਹਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਹਨ।
ਡਾ. ਸਿੱਧੂ ਦੇ ਬਿਆਨ ਤੋਂ ਬਾਅਦ ਮੁੜ ਤੋਂ ਕਾਂਗਰਸ ਦੇ ਆਗੂਆਂ ਨੇ ਸਿੱਧੂ ਜੋੜੇ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਕਾਂਗਰਸ ਤੋਂ ਹੀ ਖਤਰਾ ਹੈ।

