ਕਾਂਗਰਸ ਦੀ ਕਲੇਸ਼ ‘ਚ AAP-BJP ਦੀ ਐਂਟਰੀ, ਡਾ. ਸਿੱਧੂ ਦੇ ਬਿਆਨ ਦੀ ਹਮਾਇਤ
ਵੀਓਪੀ ਬਿਊਰੋ – ਇਕ ਪਾਸੇ ਇਸ ਸਮੇਂ ਕਾਂਗਰਸ ਦਾ ਕਾਟੋ-ਕਲੇਸ਼ ਜੱਗ ਜਾਹਿਰ ਹੋ ਗਿਆ ਹੈ, ਉੱਥੇ ਹੀ ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਵੀ ਇਸ ਕਾਟੋ ਕਲੇਸ਼ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਤਾਂ ਹੈ ਹੀ ਭ੍ਰਿਸ਼ਟਾਚਾਰਾਂ ਦੀ ਪਾਰਟੀ। ਇਸ ਤੋਂ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਸੀਨੀਅਨ ਆਗੂਆਂ ‘ਤੇ ਕਾਫੀ ਵੱਡੇ ਇਲਜ਼ਾਮ ਲਾਏ ਸਨ।
ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਕਾਂਗਰਸੀ ਹੀ ਇੱਕ ਦੂਜੇ ‘ਤੇ ਇਲਜ਼ਾਮ ਲਾਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਡਰੱਗ ਮਨੀ ਟਰੇਲ ਦਾ ਪਤਾ ਲਾਉਣਾ ਜ਼ਰੂਰੀ ਹੈ। ਜੋ ਪਹਿਲਾਂ ਸਾਈਕਲ ਚਲਾਉਂਦੇ ਸਨ ਹੁਣ ਉਨ੍ਹਾਂ ਕੋਲ ਲਗਜ਼ਰੀ ਕਾਰਾਂ ਕਿੱਥੋ ਆ ਗਈਆਂ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਹਾਡੇ ਕੋਲ ਫਾਈਲਾਂ ਨੇ ਤਾਂ ਖੋਲ੍ਹਦੇ ਕਿਉਂ ਨਹੀਂ? ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਤਾਂ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਹੀ ਕਹਿਣ ਲੱਗ ਗਏ ਹਨ ਮੁੱਖ ਮੰਤਰੀ ਲੱਗਣ ਲਈ 500 ਕਰੋੜ ਰੁਪਏ ਦੇਣੇ ਪੈਂਦੇ ਹਨ।ਉਨ੍ਹਾਂ ਨੇ ਕਿਹਾ ਹੈਕਿ ਕਾਂਗਰਸ ਪਾਰਟੀ ਹੀ ਭ੍ਰਿਸ਼ਟਚਾਰਾਂ ਦੀ ਹੈ। ਹਰਪਾਲ ਚੀਮਾ ਨੇ ਨਵਜੋਤ ਕੌਰ ਸਿੱਧੂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਕਿਹਾ ਕਿ ਉਹ ਕੈਂਸਰ ਨਾਲ ਲੜ ਚੁੱਕੀ ਹੈ ਅਤੇ ਸਾਨੂੰ ਉਸ ਨਾਲ ਹਮਦਰਦੀ ਹੈ ਅਤੇ ਉਹ ਮਾਨਸਿਕ ਤੌਰ ‘ਤੇ ਬਿਮਾਰ ਨਹੀਂ ਹੈ ਪਰ ਕਾਂਗਰਸ ਦੀ ਲੀਡਰਸ਼ਿਪ ਹੈ ਅਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ।


