ਕਾਂਗਰਸ ਦੇ ਸਾਬਕਾ ਵਿਧਾਇਕ ਦੇ ਘਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
ਫ਼ਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜੋ ਕਿ ਸਿਆਸਤ ਦੇ ਨਾਲ ਜੁੜੀ ਹੋਈ ਹੈ। ਇੱਥੇ ਗੁਰੂ ਹਰ ਸਹਾਏ ਵਿਖੇ ਉੱਘੇ ਕਾਰੋਬਾਰੀ ਤੇ ਹਲਕਾ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਦੇ ਮੁਤਾਬਕ IT ਟੀਮ ਦੇ ਅਧਿਕਾਰੀ 6 ਤੋਂ 7 ਵੱਡੀਆਂ ਗੱਡੀਆਂ ’ਚ ਆਏ ਅਤੇ ਉਨ੍ਹਾਂ ਦੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਸੂਤਰਾਂ ਮੁਤਾਬਕ ਦਿੱਲੀ ਨੰਬਰ ਦੀਆਂ ਚਾਰ ਤੇ ਇਕ ਹਰਿਆਣਾ ਨੰਬਰ ਦੀ ਗੱਡੀ ‘ਚ ਮੁਲਾਜ਼ਮ ਸੋਮਵਾਰ ਤੜਕੇ ਆਵਲਾ ਦੇ ਘਰ ਪਹੁੰਚੇ । ਰਮਿੰਦਰ ਆਵਲਾ ਪਰਿਵਾਰ ਦੇ “ ਸੁਖਬੀਰ ਐਗਰੋ ਪਾਵਰ ਪ੍ਰੋਜੈਕਟ” ਤੋਂ ਇਲਾਵਾ ਦੇਸ਼ ਭਰ ਵਿਚ ਕਾਰੋਬਾਰ ਚੱਲ ਰਹੇ ਹਨ । ਇਨਕਾਮ ਟੈਕਸ ਵਿਭਾਗ ਦੀਆਂ ਕੁਝ ਟੀਮਾਂ ਫ਼ਿਰੋਜ਼ਸ਼ਾਹ ਸਥਿਤ SAIL ਵਿਚ ਤੋਂ ਇਲਾਵਾ ਹੋਰ ਟਿਕਾਣਿਆਂ ‘ਤੇ ਵੀ ਪਹੁੰਚਣ ਦੀ ਖ਼ਬਰ ਹੈ। ਪਿਛਲੇ ਲੰਮੇ ਸਮੇ ਤੋਂ ਰਮਿੰਦਰ ਆਵਲਾ ਦੀਆਂ ਬੀਜੇਪੀ ਵਿਚ ਜਾਣ ਦੀਆਂ ਚਰਚਾਵਾਂ ਦਰਮਿਆਨ ਰਮਿੰਦਰ ਆਵਲਾ ਵੱਲੋਂ ਬੜੀ ਸੰਜੀਦਗੀ ਨਾਲ ਜਲਾਲਬਾਦ ਤੇ ਗੁਰੂਹਰਸਹਾਏ ਤੋਂ ਕਾਂਗਰਸ ਦੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਕੀਤੀ ਗਈਆਂ ਸਨ।
ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਵਿਜੀਲੈਂਸ ਵਿਭਾਗ ਤੇ ਇਨਕਮ ਟੈਕਸ ਦੀ ਕਾਰਵਾਈ ਹੋ ਚੁੱਕੀ ਹੈ।


