ਰਿਸ਼ਵਤ ਮੰਗਦਾ ਤਹਿਸੀਲਦਾਰ ਆਇਆ ਅੜਿੱਕੇ
ਸੰਗਰੂਰ(ਵੀਓਪੀ ਬਿਊਰੋ) ਸੰਗਰੂਰ ਵਿਖੇ ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਇੱਕ ਤਹਿਸੀਲਦਾਰ ਨੂੰ ਰਿਸ਼ਵਤ ਲੈਣ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਇਲਜ਼ਾਮ ਹਨ ਕਿ ਉਕਤ ਮੁਲਜ਼ਮ ਰਜਿਸਟਰੀ ਕਰਵਾਉਣ ਦੇ ਬਦਲੇ 30 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਬਿਊਰੋ ਵੱਲੋਂ ਸੰਗਰੂਰ ਤਹਿਸੀਲਦਾਰ ਜਗਤਾਰ ਸਿੰਘ ਨੂੰ ਕੱਲ ਤਹਿਸੀਲ ਕੰਪਲੈਕਸ ਵਿੱਚ ਛਾਪਾ ਮਾਰ ਕੇ ਕਾਬੂ ਕੀਤਾ ਗਿਆ। ਇਸ ਦੌਰਾਨ ਤਹਿਸੀਲਦਾਰ ਕੋਲੋਂ ਕਰੀਬ ਡੇਢ ਲੱਖ ਰੁਪਏ ਨਗਦ ਬਰਾਮਦ ਹੋਏ।
ਸੂਤਰਾਂ ਅਨੁਸਾਰ ਨਜ਼ਦੀਕੀ ਪਿੰਡ ਮਹਿਲਾਂ ਦੇ ਵਸਨੀਕ ਪ੍ਰਭਦਿਆਲ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਜ਼ਮੀਨ ਖਰੀਦੀ ਗਈ ਸੀ। ਜ਼ਮੀਨ ਦੀ ਰਜਿਸਟਰੀ ਲਈ 15 ਦਸੰਬਰ ਨੂੰ ਸਮਾਂ ਦਿੱਤਾ ਗਿਆ ਸੀ, ਪਰ ਲੰਬੀ ਉਡੀਕ ਤੋਂ ਬਾਅਦ ਵੀ ਰਜਿਸਟਰੀ ਨਹੀਂ ਹੋਈ। ਜਦੋਂ ਕਾਰਨ ਪੁੱਛਿਆ ਗਿਆ ਤਾਂ ਰਜਿਸਟਰੀ ਕਲਰਕ ਮਾਲਵਿੰਦਰ ਸਿੰਘ ਵੱਲੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਰਕਮ ਦੇਣ ਤੋਂ ਬਾਅਦ ਰਾਤ 8 ਵਜੇ ਰਜਿਸਟਰੀ ਕੀਤੀ ਗਈ। ਰਜਿਸਟਰੀ ਹੋਣ ਮਗਰੋਂ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਆਧਾਰ ‘ਤੇ ਤਹਿਸੀਲਦਾਰ ਜਗਤਾਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਕੇਸ ਵਿੱਚ ਰਜਿਸਟਰੀ ਕਲਰਕ ਮਾਲਵਿੰਦਰ ਸਿੰਘ ਅਜੇ ਵੀ ਫਰਾਰ ਹੈ।

