‘ਕੈਨੇਡਾ ਵਰਗੇ ਦੇਸ਼ ਪ੍ਰਵਾਸੀਆਂ ਨੇ ਵਸਾਏ, ਹੁਣ ਸਾਡੇ ਨਾਲ ਹੋ ਰਿਹਾ ਧੱਕਾ’
ਵੀਓਪੀ ਬਿਊਰੋ – ਕੈਨੇਡਾ ‘ਚ ਰਹਿੰਦੇ ਪ੍ਰਵਾਸੀ ਹੁਣ ਆਪਣੇ ਮਾਪਿਆਂ ਨੂੰ ਵਿਦੇਸ਼ ਆਪਣੇ ਕੋਲ ਨਹੀਂ ਬੁਲਾ ਸਕਣਗੇ। ਇਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਪ੍ਰਭਾਵ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ‘ਤੇ ਪੈ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਅਤੇ ਨੌਕਰੀ ਕਰ ਰਹੇ ਨੌਜਵਾਨਾਂ ਦੇ ਮਾਪਿਆਂ ਦੇ ਕੈਨੇਡਾ ਆਉਣ ’ਤੇ ਰੋਕ ਲਗਾਉਣ ਦੇ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ ਹਨ।
ਕੈਨੇਡਾ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਹੋਟਲਾਂ ਤੋਂ ਲੈ ਕੇ ਟਰਾਂਸਪੋਰਟ ਤੱਕ ਪੰਜਾਬੀ ਭਾਈਚਾਰਾ ਮਿਹਨਤ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਤਰ੍ਹਾਂ ਦੇ ਫੈਸਲੇ ਕੈਨੇਡਾ ਲਈ ਮੰਦਭਾਗੇ ਸਾਬਿਤ ਹੋ ਸਕਦੇ ਹਨ।
ਪੰਜਾਬੀਆਂ ਨੇ ਕਿਹਾ ਕਿ ਜੇਕਰ ਵਿਦੇਸ਼ਾਂ ਦੀਆਂ ਸਰਕਾਰਾਂ ਹੁਣ ਆਪਣਾ ਫਾਇਦਾ ਲੈ ਕੇ ਪ੍ਰਵਾਸੀਆਂ ਦੇ ਨਾਲ ਧੱਕਾ ਕਰ ਰਹੀਆਂ ਹਨ। ਪ੍ਰਵਾਸੀਆਂ ਨੇ ਉਨ੍ਹਾਂ ਦੇਸ਼ਾਂ ਵਿੱਚ ਤਰੱਕੀ ਕੀਤੀ ਹੈ ਜਿਨ੍ਹਾਂ ਦੇਸ਼ਾਂ ਵਿੱਚ ਖਾਲੀਪਨ ਅਤੇ ਰੇਗੀਸਤਾਨ ਤੋਂ ਇਲਾਵਾ ਕੁਝ ਨਹੀਂ ਸੀ। ਜਦੋਂ ਹੁਣ ਇਹ ਦੇਸ਼ ਤਰੱਕੀ ਕਰ ਰਹੇ ਹਨ ਤਾਂ ਵਿਦੇਸ਼ੀ ਪ੍ਰਵਾਸੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ।


