ਬੈਂਕ ਤੋਂ ਲਿਆ ਕਰਜ਼ਾ ਨਾ ਮੋੜਣ ‘ਤੇ ਕਬਜ਼ਾ ਲੈਣ ਆਈ ਟੀਮ ਦਾ ਕਿਸਾਨਾਂ ਵੱਲੋਂ ਵਿਰੋਧ

ਬੈਂਕ ਤੋਂ ਲਿਆ ਕਰਜ਼ਾ ਨਾ ਮੋੜਣ ‘ਤੇ ਕਬਜ਼ਾ ਲੈਣ ਆਈ ਟੀਮ ਦਾ ਕਿਸਾਨਾਂ ਵੱਲੋਂ ਵਿਰੋਧ

ਵੀਓਪੀ ਬਿਊਰੋ – ਸਮਾਣਾ ‘ਚ ਬੈਂਕ ਟੀਮ ਇੱਕ ਕਿਸਾਨ ਦੇ ਘਰ ਕਬਜ਼ਾ ਲੈਣ ਪਹੁੰਚੀ ਕਿਉਂਕਿ ਉਸ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਪਰ ਇਸ ਦੌਰਾਨ ਟੀਮ ਨੂੰ ਖਾਲੀ ਹੱਥ ਬੇਰੰਗ ਪਰਤਣਾ ਪਿਆ। ਕਿਸਾਨਾਂ ਤੇ ਪਰਿਵਾਰ ਦੇ ਵਧ ਰਹੇ ਵਿਰੋਧ ਨੂੰ ਦੇਖਦੇ ਹੋਏ ਬੈਂਕ ਮੁਲਾਜ਼ਮਾਂ ਨੇ ਕਿਸੇ ਵੀ ਤਰ੍ਹਾਂ ਦੀ ਅੱਗੇ ਦੀ ਕਾਰਵਾਈ ਨਹੀਂ ਕੀਤੀ ਅਤੇ ਮਾਮਲੇ ਨੂੰ ਕੁਝ ਦਿਨਾਂ ਲਈ ਟਾਲ ਕੇ ਉੱਥੋ ਵਾਪਸੀ ਕਰ ਲਈ।

ਜਾਣਕਾਰੀ ਦਿੰਦੇ ਹੋਏ ਦੱਸ ਦੇਈਏ ਕਿ ਇੱਥੇ ਦੇ ਇੱਕ ਕਿਸਾਨ ਰਣਜੀਤ ਸਿੰਘ ਨੇ ਕੰਬਾਈਨਾਂ ਦੇ ਪਾਰਟ ਤਿਆਰ ਕਰਨ ਲਈ ਬੈਂਕ ਤੋਂ ਕਰੀਬ 65 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕੁਝ ਕਿਸ਼ਤਾਂ ਅਦਾ ਨਾ ਹੋਣ ਕਾਰਨ ਬੈਂਕ ਵੱਲੋਂ ਪਹਿਲਾਂ ਸਮਾਂ ਦਿੱਤਾ ਗਿਆ ਪਰ ਬਾਅਦ ਵਿੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਕਿਸਾਨ ਦੇ ਘਰ ਦੀ ਨਿਲਾਮੀ ਕਰੀਬ 24–25 ਲੱਖ ਰੁਪਏ ਵਿੱਚ ਕਰ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਬੈਂਕ ਅਧਿਕਾਰੀ, ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਕਬਜ਼ਾ ਲੈਣ ਪਹੁੰਚੀ, ਤਾਂ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਿਸਾਨ ਦੇ ਹੱਕ ਵਿੱਚ ਮੌਕੇ ‘ਤੇ ਧਰਨਾ ਲਗਾ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਵੱਲੋਂ ਬੈਂਕ ਨੂੰ 58 ਲੱਖ ਰੁਪਏ ਤੋਂ ਵੱਧ ਵਿਆਜ਼ ਭਰਿਆ ਜਾ ਚੁੱਕਾ ਹੈ ਅਤੇ ਇੱਕ ਕਰੋੜ ਤੋਂ ਵੱਧ ਕੀਮਤ ਵਾਲੀ ਜਾਇਦਾਦ ਨੂੰ 25 ਲੱਖ ਰੁਪਏ ਵਿੱਚ ਨਿਲਾਮ ਕਰਨਾ ਨਿਆਂਸੰਗਤ ਨਹੀਂ।

ਇਸ ਦੌਰਾਨ ਬੈਂਕ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਅਸੀਂ ਕਬਜ਼ਾ ਲੈਣ ਪਹੁੰਚੇ ਸੀ ਪਰ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਦੋਹਾਂ ਪੱਖਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

error: Content is protected !!