ਮਜੀਠੀਆ ਨੂੰ ਮਿਲੀ ਜ਼ਮਾਨਤ, ਡੇਰਾ ਬਿਆਸ ਮੁਖੀ ਨੇ ਕਿਹਾ- ਨਸ਼ੇ ਦਾ ਮਾਮਲਾ ਝੂਠਾ
ਵੀਓਪੀ ਬਿਊਰੋ – ਬਿਕਰਮ ਸਿੰਘ ਮਜੀਠੀਆ ਨੂੰ ਆਖਿਰਕਾਰ ਲੰਬੇ ਸਮੇਂ ਬਾਅਦ ਰਾਹਤ ਮਿਲੀ ਹੈ ਅਤੇ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਜੇਲ੍ਹ ਵਿੱਚ ਮਜੀਠੀਆ ਨੂੰ ਮਿਲਣ ਪਹੁੰਚੇ ਅਤੇ ਕਿਹਾ ਕਿ ਮਜੀਠੀਆ ‘ਤੇ ਪਾਇਆ ਨਸ਼ੇ ਦਾ ਮਾਮਲਾ ਝੂਠ ਹੈ। ਇਸ ਤੋਂ ਕੁਝ ਸਮੇਂ ਬਾਅਦ ਹੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਸੁਣਾ ਦਿੱਤੀ।
ਚੀਫ ਜਸਟਿਸ ਦੇ ਬੈਂਚ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਾਫ਼ੀ ਅੱਗੇ ਵਧੀ ਹੈ ਅਤੇ ਇਸ ਪੜਾਅ ‘ਤੇ ਮਜੀਠੀਆ ਦੀ ਹਿਰਾਸਤ ਜਾਇਜ਼ ਨਹੀਂ ਹੈ। ਅਦਾਲਤ ਨੇ ਜ਼ਮਾਨਤ ਦਿੰਦੇ ਸਮੇਂ ਕੁਝ ਸ਼ਰਤਾਂ ਵੀ ਲਗਾਈਆਂ, ਜਿਨ੍ਹਾਂ ਦੀ ਪਾਲਣਾ ਮਜੀਠੀਆ ਨੂੰ ਕਰਨੀ ਪਵੇਗੀ।
ਬਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਮਾਨਤ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਸਾਡੇ ਕੋਲ ਮਜੀਠੀਆ ਵਿਰੁੱਧ ਪੁਖਤਾ ਸਬੂਤ ਹਨ। ਮੁਕੱਦਮੇ ਦੌਰਾਨ ਮਜੀਠੀਆ ਨੂੰ ਜ਼ਰੂਰ ਸਜ਼ਾ ਮਿਲੇਗੀ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਜ਼ਮਾਨਤ ਦੇ ਹੁਕਮਾਂ ਦੀ ਸਮੀਖਿਆ ਕਰੇਗੀ ਅਤੇ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰੇਗੀ। ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ, ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲੇਗੀ।


