“ਜ਼ਮਾਨਤ ਹੋਈ ਜਾਂ ਨਹੀ ਹੋਈ” ਇੰਨਾ ਦੱਸਣ ਲਈ ਹੀ ਮੰਗ ਲਏ 4 ਹਜ਼ਾਰ ਰੁਪਏ, ਚੜ੍ਹਿਆ ਅੜਿੱਕੇ

“ਜ਼ਮਾਨਤ ਹੋਈ ਜਾਂ ਨਹੀ ਹੋਈ” ਇੰਨਾ ਦੱਸਣ ਲਈ ਹੀ ਮੰਗ ਲਏ 4 ਹਜ਼ਾਰ ਰੁਪਏ, ਚੜ੍ਹਿਆ ਅੜਿੱਕੇ

ਵੀਓਪੀ ਬਿਊਰੋ – ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐੱਚਜੀ, ਪੀਸੀ ਸ਼ਰਨਜੀਤ ਸਿੰਘ ਮਾਨਯੋਗ ਅਦਾਲਤ ਵਿੱਚੋਂ ਜ਼ਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼ਰਨਜੀਤ ਸਿੰਘ ਨੂੰ ਬਬਲੀ ਪਤਨੀ ਮਹਿਤਾ ਰਾਮ ਵਾਸੀ ਗਾਂਧੀ ਨਗਰ ਹਾਲ ਅਬਾਦ ਚਰਚ ਵਾਲੀ ਗਲੀ, ਨੇੜੇ ਲਿਟਲ ਫਲਾਵਰ ਸਕੂਲ, ਬੂੜਾਗੁਜਰ ਰੋਡ, ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਕਿ ਮੇਰੇ ਅਤੇ ਮੇਰੀ ਨੂੰਹ ‘ਤੇ ਕੋਈ ਝੂਠਾ ਮਾਮਲਾ ਦਰਜ ਸੀ, ਇਸ ਮਾਮਲੇ ਵਿੱਚ ਉਹ ਕਾਫੀ ਪਰੇਸ਼ਾਨ ਸਨ ਤਾਂ, ਕੋਰਟ ਦੇ ਬਾਹਰ ਮੇਰੀ ਜਾਣਕਾਰ ਰੀਤੂ ਰਾਣੀ ਪੁੱਤਰੀ ਪਿੱਪਲ ਸਿੰਘ ਮਿਲੀ, ਜਿਸਨੇ ਮੈਨੂੰ ਪ੍ਰੇਸ਼ਾਨ ਦੇਖ ਕੇ ਪੁੱਛਿਆ, ਕਿ ਕੀ ਗੱਲ ਹੋ ਗਈ ਹੈ। ਜਿਸਨੂੰ ਮੈਂ ਦੱਸਿਆ ਕਿ ਪਤਾ ਨਹੀ ਕਿਉ, ਮੈਨੂੰ ਵਕੀਲ ਸਾਹਿਬ ਨੇ ਕੋਰਟ ਵਿੱਚ ਅੰਦਰ ਜਾਣ ਤੋ ਮਨ੍ਹਾ ਕਰ ਦਿੱਤਾ ਹੈ। ਮੈਨੂੰ ਰੀਤੂ ਰਾਣੀ ਨੇ ਦੱਸਿਆ ਕਿ, ਮੇਰਾ ਜਾਣਕਾਰ ਸ਼ਰਨਜੀਤ ਸਿੰਘ ਜੋ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਾ ਪੁਲਿਸ ਮੁਲਾਜ਼ਮ ਹੈ, ਜੋ ਕੋਰਟ ਵਿੱਚ ਲੱਗਿਆ ਹੋਇਆ ਹੈ। ਫਿਰ ਅਸੀ ਦੋਵੇਂ ਜਾਣੀਆਂ ਕੋਰਟ ਕੰਪਲੈਕਸ ਦੀ ਬਿਲਡਿੰਗ ਦੇ ਮੇਨ ਗੇਟ ਪਰ ਮਿਤੀ 10/02/2026 ਨੂੰ ਸ਼ਰਨਜੀਤ ਸਿੰਘ ਨੂੰ ਮਿਲੀਆ। ਸ਼ਰਨਜੀਤ ਸਿੰਘ ਨੂੰ ਅਸੀ ਕੇਸ ਦੇ ਸਾਰੇ ਹਾਲਾਤ ਦੱਸੇ, ਜਿਸਨੇ ਸਾਨੂੰ ਕਿਹਾ ਕਿ ਮੈਂ ਇਸ ਸਬੰਧੀ ਕੋਰਟ ਵਿਚੋ ਆਪਣੇ ਪੱਧਰ ‘ਤੇ ਪਤਾ ਕਰ ਦਿੰਦਾ ਹਾਂ ਕਿ, ਤੁਹਾਡੀ ਜ਼ਮਾਨਤ ਕੈਂਸਲ ਹੋਈ ਹੈ, ਜਾਂ ਨਹੀ। ਤਾਂ ਉਸਨੇ ਕਿਹਾਂ ਕਿ 1000/-ਰੁਪਏ ਅੱਗੇ ਦੇਣਾ ਹੈ, ਆਪਾਂ ਬਾਅਦ ਵਿੱਚ ਫਿਰ ਕਰ ਲਵਾਗੇ।ਮਿਤੀ 11/02/2026 ਨੂੰ ਮੈ ਅਤੇ ਰੀਤੂ ਰਾਣੀ ਪੀਐਚਜੀ,ਪੀ ਸੀ ਸ਼ਰਨਦੀਪ ਸਿੰਘ ਨਾਇਬ ਕੋਰਟ ਨੂੰ ਮਿਲੇ ਤਾਂ ਫਿਰ ਉਸਨੇ 3000/-ਰੁਪਏ ਦੀ ਹੋਰ ਮੰਗ ਕੀਤੀ, ਇਸ ਤਰ੍ਹਾਂ ਪੀਐਚਜੀ,ਪੀ ਸੀ ਸ਼ਰਨਜੀਤ ਸਿੰਘ ਵੱਲੋ ਮੇਰੇ ਪਾਸੋ ਵੱਖ ਵੱਖ ਸਮੇ ਤੇ ਮੇਰੇ ਕੋਰਟ ਵਿਚੋਂ ਹਾਜ਼ਰ ਜਾਂ ਗੈਰ ਹਾਜ਼ਰ ਹੋਣ ਬਾਰੇ ਦੱਸਣ ਲਈ 4 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਸ ਤੋਂ ਬਾਅਦ ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 04 ਮਿਤੀ 12-02-2026 ਅ/ਧ 7 ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀ ਸੀ (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਜਾਲ ਵਿਛਾਇਆ ਅਤੇ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ ਸ਼ਰਨਜੀਤ ਸਿੰਘ ਪੀਸੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 4,000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬੀਤੀ ਰਾਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

error: Content is protected !!