ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ 3 ਦਿਨ ਦੇ ਪੁਲਿਸ ਰਿਮਾਂਡ ‘ਤੇ
ਅੰਮ੍ਰਿਤਸਰ (ਵੀਓਪੀ ਬਿਊਰੋ) DM ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਅੰਮ੍ਰਿਤਸਰ ਜ਼ਿਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਪੁਲਿਸ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ, ਜਿਸ ‘ਤੇ ਅਦਾਲਤ ਨੇ ਦੋਨਾਂ ਪੱਖਾਂ ਦੇ ਤਰਕ ਸੁਣਨ ਤੋਂ ਬਾਅਦ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ।
ਇਸ ਮੌਕੇ ਵਕੀਲਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੇਸ ਵਿੱਚ ਕਈ ਅਹਿਮ ਪੱਖਾਂ ‘ਤੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ। ਪੁਲਿਸ ਨੇ ਅਦਾਲਤ ‘ਚ ਕਿਹਾ ਕਿ ਕੁਝ ਸਬੂਤ ਇਕੱਠੇ ਕਰਨ ਬਾਕੀ ਹਨ, ਖ਼ਾਸ ਕਰਕੇ ਮੋਬਾਈਲ ਫੋਨ ਦੀ ਰਿਕਵਰੀ ਸਬੰਧੀ ਜਾਂਚ ਜਾਰੀ ਹੈ। ਪਰਿਵਾਰ ਵੱਲੋਂ ਫੋਨ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਵਕੀਲਾਂ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਪੰਜ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਿਰਫ ਤਿੰਨ ਦਿਨਾਂ ਦਾ ਹੀ ਰਿਮਾਂਡ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਹੁਣ ਰਿਮਾਂਡ ਸਮਾਪਤ ਹੋਣ ਤੋਂ ਬਾਅਦ ਹੋਵੇਗੀ।


