ਇਨੋਸੈਂਟ ਹਾਰਟਸ ਗਰੁੱਪ ਵਿੱਚ “ਆਉਟਕਮ-ਅਧਾਰਿਤ ਸਿੱਖਿਆ” ਵਰਕਸ਼ਾਪ ਦਾ ਆਯੋਜਨ

ਜਲੰਧਰ(ਵੀਓਪੀ ਬਿਊਰੋ) ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ (IHGI) ਦੇ ਇੰਟਰਨਲ ਕਵਾਲਿਟੀ ਅਸ਼ੋਰੈਂਸ ਸੈੱਲ (IQAC) ਵੱਲੋਂ “ਆਉਟਕਮ-ਅਧਾਰਿਤ ਸਿੱਖਿਆ: ਸਿਖਲਾਈ, ਅਧਿਐਨ ਅਤੇ ਖੋਜ ਦਾ ਇਕੀਕਰਨ” ਵਿਸ਼ੇ ‘ਤੇ ਇੱਕ ਗਿਆਨਵਰਧਕ ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਅਕਾਦਮਿਕ ਗੁਣਵੱਤਾ ਨੂੰ ਵਧਾਉਣਾ ਅਤੇ ਅਧਿਆਪਕਾਂ ਵਿੱਚ ਖੋਜ-ਅਧਾਰਿਤ ਸਿਖਲਾਈ ਨੂੰ ਪ੍ਰੋਤਸਾਹਿਤ ਕਰਨਾ ਸੀ।
ਵਰਕਸ਼ਾਪ ਵਿੱਚ ਪ੍ਰਸਿੱਧ ਵਿਦਵਾਨ ਅਤੇ ਵਿਸ਼ਵ ਪੱਧਰੀ ਹੋਸਪਿਟੈਲਿਟੀ ਵਿਸ਼ੇਸ਼ਗਿਆਨ ਡਾ. ਵਰਿੰਦਰ ਸਿੰਘ ਰਾਣਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਆਪਣੇ ਵਿਸ਼ਾਲ ਅਕਾਦਮਿਕ ਅਤੇ ਉਦਯੋਗਕ ਅਨੁਭਵ ਦੇ ਆਧਾਰ ‘ਤੇ ਉਨ੍ਹਾਂ ਨੇ ਆਧੁਨਿਕ ਸਿੱਖਿਆ ਪ੍ਰਣਾਲੀਆਂ, ਕਰਿਕੁਲਮ ਡਿਜ਼ਾਈਨ ਅਤੇ ਉੱਚ ਸਿੱਖਿਆ ਵਿੱਚ ਗੁਣਵੱਤਾ ਮਾਪਦੰਡਾਂ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਧਿਆਪਕਾਂ ਨੂੰ ਖੋਜ ਨੂੰ ਆਪਣੇ ਪੇਸ਼ਾਵਰ ਜੀਵਨ ਦਾ ਅਹਿਮ ਹਿੱਸਾ ਬਣਾਉਣ ਅਤੇ ਨਵਾਟ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।
ਸੈਸ਼ਨ ਦੌਰਾਨ ਅਧਿਆਪਕਾਂ ਨੂੰ ਉੱਚ ਪੱਧਰੀ ਸਿਖਲਾਈ ਵਿਧੀਆਂ ਨਾਲ ਜਾਣੂ ਕਰਵਾਇਆ ਗਿਆ, ਜਿਸ ਵਿੱਚ ਪੈਡਾਗੌਜੀ ਅਤੇ ਐਂਡਰਾਗੌਜੀ ਤੋਂ ਅੱਗੇ ਵਧਦਿਆਂ ਹਿਊਟਾਗੌਜੀ (ਸਵੈ-ਨਿਰਧਾਰਤ ਅਧਿਐਨ) ‘ਤੇ ਖਾਸ ਧਿਆਨ ਦਿੱਤਾ ਗਿਆ। ਵਰਕਸ਼ਾਪ ਵਿੱਚ ਕੋਰਸ ਤਿਆਰ ਕਰਨਾ, ਲੈਸਨ ਪਲਾਨਿੰਗ ਅਤੇ ਬਲੂਮਜ਼ ਟੈਕਸਾਨੋਮੀ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

