ਖਾਦ ਸਬਸਿਡੀ ‘ਤੇ ਆਪਣੀ ਹੀ ਵਾਹਵਾਹੀ ਕਰਨ ਵਾਲੇ ਜਾਖੜ ‘ਤੇ ਵੜਿੰਗ ਨੇ ਕੱਸਿਆ ਤੰਜ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਦ ਸਬਸਿਡੀ ਲਈ “ਧੰਨਵਾਦ” ਕਰਨ ‘ਤੇ ਤਿੱਖਾ ਤੰਜ ਕੱਸਿਆ ਹੈ। ਵੜਿੰਗ ਨੇ ਕਿਹਾ ਕਿ ਜਾਖੜ ਇਸ ਮੁੱਦੇ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਜਿਵੇਂ ਪ੍ਰਧਾਨ ਮੰਤਰੀ ਨੇ ਕੋਈ ਬਹੁਤ ਵੱਡਾ ਕ੍ਰਾਂਤੀਕਾਰੀ ਕੰਮ ਕੀਤਾ ਹੋਵੇ ਜਾਂ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇ।

ਰਾਜਾ ਵੜਿੰਗ ਨੇ ਸਾਫ਼ ਕੀਤਾ ਕਿ ਖਾਦ ਸਬਸਿਡੀ ਕਈ ਸਾਲਾਂ ਤੋਂ ਹਰ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਇਸਨੂੰ ਦੇਣ ਵਾਲੇ ਕੋਈ ਪਹਿਲੇ ਨੇਤਾ ਨਹੀਂ ਹਨ, ਜਿਵੇਂ ਕਿ ਸੁਨੀਲ ਜਾਖੜ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। “ਸਰਕਾਰ ਕਿਸਾਨਾਂ ‘ਤੇ ਕੋਈ ਖਾਸ ਮਿਹਰਬਾਨੀ ਨਹੀਂ ਕਰ ਰਹੀ ਹੈ, ਕਿਉਂਕਿ ਕਿਸਾਨ ਹੀ ਆਪਣੀ ਮਿਹਨਤ ਸਦਕਾ ਪੂਰੇ ਦੇਸ਼ ਦਾ ਪੇਟ ਭਰਦੇ ਹਨ।”

ਭਾਜਪਾ ਆਗੂ ਸੁਨੀਲ ਜਾਖੜ ਨੂੰ ਆੜੇ ਹੱਥੀਂ ਲੈਂਦਿਆਂ ਵੜਿੰਗ ਨੇ ਯਾਦ ਦਿਵਾਇਆ ਕਿ ਇਹ ਖੁਦ ਪ੍ਰਧਾਨ ਮੰਤਰੀ ਮੋਦੀ ਹੀ ਹਨ ਜਿਨ੍ਹਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਘਟਾਉਣ ਜਾਂ ਇਸ ਤੋਂ ਗੁਰੇਜ ਕਰਨ ਲਈ ਕਿਹਾ ਸੀ। ਉਨ੍ਹਾਂ ਸਵਾਲ ਉਠਾਇਆ ਕਿ ਇੱਕ ਪਾਸੇ ਸਰਕਾਰ ਖਾਦਾਂ ‘ਤੇ ਸਬਸਿਡੀ ਦੇਣ ਦਾ ਵੱਡਾ ਦਾਅਵਾ ਕਰਦੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਇਹਨਾਂ ਦੀ ਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਜਾਂਦੀ ਹੈ। ਅਜਿਹੀ ਦੋਹਰੀ ਨੀਤੀ ਦਾ ਆਖਰ ਕੀ ਮਤਲਬ ਬਣਦਾ ਹੈ?

ਸੂਬਾ ਕਾਂਗਰਸ ਪ੍ਰਧਾਨ ਨੇ ਦੇਸ਼ ਵਿੱਚ ਵੱਧ ਰਹੀ ਖੇਤੀ ਲਾਗਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਕਿਸਾਨਾਂ ਦੇ ਹੋਰ ਖਰਚੇ ਬਹੁਤ ਵੱਧ ਚੁੱਕੇ ਹਨ। ਉਨ੍ਹਾਂ ਮੁੱਖ ਬਿੰਦੂਆਂ ਦਾ ਜ਼ਿਕਰ ਕੀਤਾ ਕਿ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ, ਮਜ਼ਦੂਰੀ ਦੇ ਖਰਚਿਆਂ ਵਿੱਚ ਵਾਧਾ ਅਤੇ ਖੇਤੀ ਸੰਦਾਂ ਅਤੇ ਕੀਟਨਾਸ਼ਕਾਂ ‘ਤੇ ਵੱਧ ਰਹੀ ਮਹਿੰਗਾਈ

ਵੜਿੰਗ ਨੇ ਅਖੀਰ ਵਿੱਚ ਕਿਹਾ ਕਿ ਇਨ੍ਹਾਂ ਸਾਰੇ ਵੱਧ ਰਹੇ ਖਰਚਿਆਂ ਦੇ ਮੁਕਾਬਲੇ ਕੇਂਦਰ ਵੱਲੋਂ ਦਿੱਤੀ ਜਾ ਰਹੀ ਕੋਈ ਵੀ ਸਬਸਿਡੀ ਕਾਫ਼ੀ ਨਹੀਂ ਹੋ ਸਕਦੀ। ਇਹ ਸਾਰੀਆਂ ਚੀਜ਼ਾਂ ਉਸ ਕਥਿਤ ਸਬਸਿਡੀ ਦੇ ਲਾਭ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ, ਜਿਹੜੀ ਕਿ ਸਰਕਾਰ ਨੂੰ ਹਰ ਹਾਲਤ ਵਿੱਚ ਕਿਸਾਨਾਂ ਨੂੰ ਦੇਣੀ ਹੀ ਪੈਂਦੀ ਹੈ।

error: Content is protected !!