ਸ਼ਿਵ ਸੈਨਾ ਆਗੂ ਦਾ ਮੁੰਡਾ ਬਣਿਆ ਗੁੰਡਾ, 15-16 ਸਾਥੀਆਂ ਨਾਲ ਮਿਲ ਕੇ ਭੰਨ੍ਹੀ ਫਾਸਟ ਫੂਡ ਦੀ ਦੁਕਾਨ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਸ਼ਿਵ ਸੈਨਾ ਆਗੂ ਦੇ ਮੁੰਡੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਹੈ। ਉਸ ਨੇ ਇਕ ਫਾਸਟ ਫੂਡ ਦੁਕਾਨ ਦੀ ਭੰਨ੍ਹ ਤੋੜ ਕੀਤੀ ਅਤੇ ਗਾਲੀ-ਗਲੌਚ ਕਰ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਿਆ। ਪੁਲਿਸ ਨੂੰ ਦਿੱਤੇ ਬਿਆਨ ‘ਚ ਅਰਬਨ ਅਸਟੇਟ-2 ਦੇ ਰਹਿਣ ਵਾਲੇ ਅਭਿਮਨਿਊ ਰਾਜ ਮਲਹੋਤਰਾ ਨੇ ਦੱਸਿਆ ਕਿ ਉਹ ਜੋਤੀ ਨਗਰ ਐਕਸਟੈਂਸ਼ਨ ‘ਚ ਫਾਸਟ ਫੂਡ ਦਾ ਕੰਮ ਕਰਦਾ ਹੈ।

ਸ਼ਿਵ ਸੈਨਾ ਆਗੂ ਦੇ ਪੁੱਤਰ ਰਵੀ ਕਿਸ਼ਨ ਅਤੇ ਉਸ ਦੇ 15 ਸਾਥੀਆਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-6 ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਵੀ ਕਿਸ਼ਨ ਵਾਸੀ ਮਖਦੂਮਪੁਰਾ ਦੀ ਭਾਲ ਕੀਤੀ ਜਾ ਰਹੀ ਹੈ। ਐਸਐਚਓ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਬਾਕੀ ਹਮਲਾਵਰਾਂ ਦਾ ਪਤਾ ਲਾਇਆ ਜਾਵੇਗਾ।

