34000 ਪਹਿਲਾਂ ਲੈ ਹੋਰ ਮੰਗਣ ਲੱਗੇ 5000 ਰੁਪਏ ਰਿਸ਼ਵਤ, ਐਸਡੀਓ ਤੇ ਲਾਈਨਮੈਨ ਕਾਬੂ, ਫੈਕਟਰੀ ਮਾਲਕ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਦੇ ਰਹੇ ਸੀ ਧਮਕੀਆਂ

34000 ਪਹਿਲਾਂ ਲੈ ਹੋਰ ਮੰਗਣ ਲੱਗੇ 5000 ਰੁਪਏ ਰਿਸ਼ਵਤ, ਐਸਡੀਓ ਤੇ ਲਾਈਨਮੈਨ ਕਾਬੂ, ਫੈਕਟਰੀ ਮਾਲਕ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਦੇ ਰਹੇ ਸੀ ਧਮਕੀਆਂ


ਚੰਡੀਗੜ੍ਹ (ਬਿਊਰੋ) : ਇਕ ਫੈਕਟਰੀ ਦਾ ਦੌਰਾ ਕਰ ਕੇ ਕੁਨੈਕਸ਼ਨ ਕੱਟਣ ਦੀ ਧਮਕੀ ਦੇ 5000 ਰੁਪਏ ਰਿਸ਼ਵਤ ਮੰਗਣ ਵਾਲੇ ਪੀਐਸਪੀਸੀਐਲ ਦੇ ਐਸਡੀਓ ਤੇ ਲਾਈਨਮੈਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਪੀਐੱਸਪੀਸੀਐੱਲ ਫੋਕਲ ਪੁਆਇੰਟ ਡਵੀਜ਼ਨ ਲੁਧਿਆਣਾ ਵਿਖੇ ਤਾਇਨਾਤ ਇਕ ਸਬ-ਡਵੀਜ਼ਨਲ ਅਫ਼ਸਰ (ਐੱਸਡੀਓ) ਮੋਹਨ ਲਾਲ ਤੇ ਇਕ ਲਾਈਨਮੈਨ ਹਰਦੀਪ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਐੱਸਡੀਓ ਅਤੇ ਲਾਈਨਮੈਨ ਨੂੰ ਲੋਕੇਸ਼ ਮੋਦੀ ਵਾਸੀ ਬਿੱਟੂ ਕਾਲੋਨੀ ਤਾਜਪੁਰ ਰੋਡ ਪਿੰਡ ਭਾਮੀਆਂ ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਐੱਸਡੀਓ ਤੇ ਲਾਈਨਮੈਨ ਨੇ ਉਸ ਦੀ ਫੈਕਟਰੀ ‘ਜੀਵਨ ਸੰਨਜ਼’ ਦਾ ਦੌਰਾ ਕਰਕੇ ਰਿਸ਼ਵਤ ਦੇਣ ਦੀ ਧਮਕੀ ਦਿੱਤੀ ਕਿ ਉਹ ਉਸ ਦੀ ਫੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟ ਦੇਣਗੇ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਦੀ ਫੈਕਟਰੀ ਦਾ ਬਿਜਲੀ ਬਿੱਲ ਵਿੱਤੀ ਸਮੱਸਿਆ ਕਾਰਨ ਬਕਾਇਆ ਸੀ ਤੇ ਪੀਐੱਸਪੀਸੀਐੱਲ ਨੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਸਨ। ਉਸ ਨੇ ਦੋਸ਼ ਲਾਇਆ ਕਿ ਦੋਵੇਂ ਬਿਜਲੀ ਮੁਲਾਜ਼ਮ ਪਹਿਲਾਂ ਵੀ ਵੱਖ-ਵੱਖ ਮਿਤੀਆਂ ‘ਤੇ ਸ਼ਿਕਾਇਤਕਰਤਾ ਤੋਂ 34,000 ਰੁਪਏ ਦੀ ਰਿਸ਼ਵਤ ਦੇ ਪੈਸੇ ਆਨਲਾਈਨ ਤਰੀਕੇ ਕਿਸ਼ਤਾਂ ਵਿੱਚ ਲੈ ਚੁੱਕੇ ਹਨ ਅਤੇ ਰਿਸ਼ਵਤ ਵਜੋਂ ਹੋਰ ਪੈਸੇ ਦੀ ਮੰਗ ਕਰ ਰਹੇ ਹਨ।


ਬੁਲਾਰੇ ਨੇ ਦੱਸਿਆ ਕਿ ਇਸ ਸੂਚਨਾ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਲੁਧਿਆਣਾ ਯੂਨਿਟ ਨੇ ਜਾਲ ਵਿਛਾਇਆ ਅਤੇ ਉਕਤ ਦੋਸ਼ੀ ਲਾਈਨਮੈਨ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਇਸ ਮਾਮਲੇ ‘ਚ ਉਕਤ ਸਹਿ-ਮੁਲਜ਼ਮ ਐੱਸਡੀਓ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਤਮਾ ਦਰਜ ਕੀਤਾ ਗਿਆ ਹੈ ।

error: Content is protected !!