6 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਭੇਜੀ ਨੂੰਹ ਦੀ ਸ਼ੱਕੀ ਹਾਲਾਤ ਵਿਚ ਮੌਤ

6 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਭੇਜੀ ਨੂੰਹ ਦੀ ਸ਼ੱਕੀ ਹਾਲਾਤ ਵਿਚ ਮੌਤ


ਵੀਓਪੀ ਬਿਊਰੋ, ਮੁਕੇਰੀਆਂ-6 ਮਹੀਨੇ ਪਹਿਲਾਂ ਕੈਨੇਡਾ ਗਈ ਕੁੜੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੁਖਦਾਈ ਸਮਾਚਾਰ ਮਿਲਿਆ ਹੈ। ਪਿੰਡ ਡੁੱਗਰੀ (ਅਵਾਣਾ) ਵਿਖੇ ਲਖਬੀਰ ਸਿੰਘ ਦੇ ਘਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿਚ ਨੂੰਹ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦੀ ਖਬਰ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਪ੍ਰੀਤ ਕੌਰ ਦੇ ਪਤੀ ਲਖਬੀਰ ਸਿੰਘ ਵਾਸੀ ਡੁੱਗਰੀ ਅਵਾਣਾ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਅਮਨਪ੍ਰੀਤ ਕੌਰ ਵਾਸੀ ਉਦੇਸੀਆਂ (ਆਦਮਪੁਰ) ਨਾਲ ਹੋਇਆ ਸੀ ਅਤੇ ਉਸ ਦੀ ਇਕ 6 ਸਾਲ ਦੀ ਬੇਟੀ ਹੈ, ਜੋ ਉਸ ਦੇ ਨਾਲ ਪਿੰਡ ਵਿਚ ਰਹਿੰਦੀ ਹੈ।


ਅਮਨਪ੍ਰੀਤ ਕੌਰ ਵਿਦੇਸ਼ ’ਚ ਪੜ੍ਹਾਈ ਕਰਨਾ ਚਾਹੁੰਦੀ ਸੀ, ਅਸੀਂ ਉਸ ਨੂੰ 21 ਦਸੰਬਰ 2022 ਨੂੰ ਸਟੱਡੀ ਵੀਜ਼ੇ ’ਤੇ ਪੜ੍ਹਨ ਲਈ ਕੈਨੇਡਾ ਭੇਜਿਆ, ਉਹ ਕੈਨੇਡਾ ਦੇ ਸਰੀ ਸ਼ਹਿਰ ’ਚ ਰਹਿ ਰਹੀ ਸੀ। ਰੋਜ਼ਾਨਾ ਫੋਨ ’ਤੇ ਗੱਲਬਾਤ ਹੁੰਦੀ ਸੀ, ਜੋ ਪੜ੍ਹਾਈ ਦੇ ਨਾਲ-ਨਾਲ ਨੌਕਰੀ ਮਿਲਣ ’ਤੇ ਪੂਰੀ ਤਰ੍ਹਾਂ ਖੁਸ਼ ਸੀ। ਉਸ ਨੇ ਵੀ ਆਪਣੀ ਪਤਨੀ ਕੋਲ ਜਾਣ ਲਈ ਫਾਈਲ ਲਗਾਈ ਸੀ।


ਉਸ ਨੇ ਦੱਸਿਆ ਕਿ 2 ਦਿਨ ਤੱਕ ਅਮਨਪ੍ਰੀਤ ਨਾਲ ਗੱਲ ਨਾ ਹੋਣ ਤੋਂ ਬਾਅਦ ਜਦੋਂ ਉਸ ਨੇ ਕੈਨੇਡਾ ਵਿਚ ਕਿਸੇ ਹੋਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅਮਨਪ੍ਰੀਤ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਮੰਗ ਕੀਤੀ ਗਈ ਹੈ।

error: Content is protected !!