ਜ਼ਖ਼ਮੀ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਵਾਉਣੇ ਬਾਦਲ ਪਰਿਵਾਰ ਦਾ ਸਿਆਸੀ ਲਾਹਾ : ਭੋਮਾ

ਜ਼ਖ਼ਮੀ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਵਾਉਣੇ ਬਾਦਲ ਪਰਿਵਾਰ ਦਾ ਸਿਆਸੀ ਲਾਹਾ : ਭੋਮਾ

ਅੰਮ੍ਰਿਤਸਰ (ਵੀਓਪੀ ਬਿਊਰੋ) –  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਮਨਜੀਤ ਸਿੰਘ ਭੋਮਾ ਨੇ ਬਾਦਲ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਲੱਗੀਆਂ ਗੋਲੀਆਂ ਅਤੇ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਫੈਸਲੇ ਨੂੰ ਬਾਦਲ ਪਰਿਵਾਰ ਨੂੰ ਸਿਆਸੀ ਲਾਹਾ ਦਿਵਾਉਣ ਦਾ ਫੈਸਲਾ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੀਆਂ ਸਿਆਸੀ ਚਾਲਾਂ ਖੇਡਣ ਤੋਂ ਬਾਜ਼ ਆਉਣਾਂ ਚਾਹੀਦਾ ਹੈ।

ਇਥੇ ਇਹ ਵਰਣਨ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਪਿਛਲੇ ਦਿਨੀਂ 37 ਸਾਲਾਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇੱਕ ਜੂਨ ਤੋਂ ਲੈ ਕੇ 6 ਜੂਨ 1984 ਤੱਕ ਭਾਰਤੀ ਫੌਜਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਸਮੇਂ ਸੋਨੇ ਦੇ ਪੱਤਰਿਆਂ ਵਿੱਚ ਵੱਜੀਆਂ ਗੋਲੀਆਂ ਦੇ ਨਿਸ਼ਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੱਗੀ ਗੋਲੀ ਸੰਗਤਾਂ ਦੇ ਦਰਸ਼ਨਾਂ ਲਈ ਰੱਖੀਆਂ ਜਾਣਗੀਆਂ । ਮਨਜੀਤ ਸਿੰਘ ਭੋਮਾ ਨੇ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਤੁਸੀਂ 37 ਸਾਲ ਇਹ ਸਭ ਕੁਝ ਸੰਗਤਾਂ ਤੋਂ ਲੁਕਾ ਕੇ ਕਿਉਂ ਰੱਖਿਆ ? ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭੋਮਾ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਸ੍ਰੀ ਹਰਮਿੰਦਰ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਰਾਂ ਵਾਲੀ ਪਾਣੀ ਵਾਲੀ ਟੈਂਕੀ ਤੋਂ ਭਾਰਤੀ ਫੌਜ ਵਿਰੁੱਧ ਲੜਾਈ ਲੜੀ ਸੀ ਅਤੇ ਪੰਜ ਸਾਲ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਵੀ ਰਹੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਇਸ ਮਸਲੇ ਵਿੱਚ ਸਿੱਖ ਕੌਮ ਦੀ ਵੱਡੀ ਦੋਸ਼ੀ ਹੈ। ਸਿੱਖ ਕੌਮ ਤੋਂ ਏਡੀ ਵੱਡੀ ਗੱਲ ਲੁਕੋ ਕੇ ਰੱਖਣ ਲਈ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਸਜ਼ਾ ਲੱਗਣੀ ਚਾਹੀਦੀ ਹੈ । ਇਹ 6 ਜੂਨ ਦਾ ਸ਼ਹੀਦੀ ਸਮਾਗਮ ਤਾਂ ਹਰ ਸਾਲ 36 ਵਾਰ ਆਉਂਦਾ ਰਿਹਾ ਫਿਰ ਛੱਤੀ ਸਾਲ ਹਰ ਸਾਲ ਸੰਗਤਾਂ ਨੂੰ ਦਰਸ਼ਨ ਕਿਉਂ ਨਹੀਂ ਕਰਵਾਏ ਗਏ ? ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਇਹ ਵੀ ਸਪੱਸ਼ਟ ਕਰੇ ਕਿ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਅਤੇ ਪਰਕਰਮਾ ਦੇ ਆਲੇ ਦੁਆਲੇ ਦੀਆਂ ਬਿਲਡਿਗਾਂ ਤੋਂ ਫ਼ੌਜੀ ਹਮਲੇ ਦੀਆਂ ਗੋਲੀਆਂ ਦੇ ਲੱਗੇ ਨਿਸ਼ਾਨ ਕਿਉਂ ਤੇ ਕਿਸ ਦੇ ਦਬਾਅ ਹੇਠ ਮਿਟਾਏ ? ਜਦੋਂ ਕਿ ਸ੍ਰੀ ਦਰਬਾਰ ਸਾਹਿਬ ਤੋਂ 100 ਗਜ਼ ਦੀ ਦੂਰੀ ‘ਤੇ ਜਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਦੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਜਿਉਂ ਦੇ ਤਿਉਂ ਮੌਜੂਦ ਹਨ । ਉਹਨਾਂ ਕਿਹਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਹਨ ਤੇ ਦੂਸਰੇ ਪਾਸੇ ਬਾਦਲਕੇ ਪਹਿਲਾਂ ਵਾਂਗ ਹੀ ਬਰਗਾੜੀ ਬੇਅਦਬੀ ਕਾਂਡ , ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ ਲੋਕਾਂ ਵਿੱਚੋਂ ਉਨ੍ਹਾਂ ਦਾ ਸਿਆਸੀ ਅਧਾਰ ਖਤਮ ਹੋ ਚੁੱਕਾ ਹੈ ।ਉਹ ਵਿਧਾਨ ਸਭਾ ਵਿੱਚੋਂ ਅਪੋਜ਼ੀਸ਼ਨ ਵਾਲਾ ਦਰਜਾ ਵੀ ਖੋਹ ਚੁੱਕੇ ਹਨ । ਇਸ ਲਈ ਲੋਕਾਂ ਦਾ ਧਿਆਨ ਉਕਤ ਮੁੱਦਿਆਂ ਤੋਂ ਤੋਂ ਹਟਾਉਣ ਲਈ ਤੇ ਲੋਕਾਂ ਨੂੰ ਭਾਵਨਾਵਾਂ ਨੂੰ ਭੜਕਾਕੇ ਵੋਟਾਂ ਹਾਸਲ ਕਰਨ ਲਈ ਇੱਕ ਨਵਾਂ ਸਿਆਸੀ ਡਰਾਮਾ ਰਚਿਆ ਜਾ ਰਿਹਾ ਹੈ ।

ਚੋਣਾਂ ਨਜ਼ਦੀਕ ਆਉਂਦਿਆਂ ਦੇਖ ਕੇ ਬਾਦਲਾਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੀ ਯਾਦ ਸਤਾਉਣ ਲੱਗੀ ਹੈ । ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਬਾਦਲ ਹਰ ਸਾਲ ਕਾਹਲੀ ਕਾਹਲੀ ਬਹੁਤ ਹੀ ਮਜਬੂਰੀ ਦੀ ਤਰ੍ਹਾਂ ਇਹ ਸ਼ਹੀਦੀ ਸਮਾਗਮ ਮਨਾਉਂਦੀ ਹੈ । ਸ਼ਹੀਦਾਂ ਦੇ ਵਾਰਸ ਤੇ ਧਰਮੀ ਯੋਧੇ ਜ਼ਿਨ੍ਹਾਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਪਵਿੱਤਰਤਾ ਕਾਇਮ ਰੱਖਣ ਲਈ ਲੜਾਈ ਲੜੀ ਸੀ , ਉਹ 6 ਜੂਨ ਨੂੰ ਹਰ ਸਾਲ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਸਮਾਗਮ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ , ਭਾਈ ਅਮਰੀਕ ਸਿੰਘ , ਜਨਰਲ ਸੁਬੇਗ ਸਿੰਘ , ਬਾਬਾ ਥਾਰਾ ਸਿੰਘ ਤੇ ਸਮੂੰਹ ਸ਼ਹੀਦਾਂ ਨਮਿੱਤ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚਦੇ ਹਨ ਜਿਨ੍ਹਾਂ ਦੇ ਅੱਲੇ ਜ਼ਖਮਾਂ ‘ਤੇ ਲੂਣ ਪਾ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਟਾਸਕ ਫੋਰਸ ਵਾਲੇ ਧੱਕੇ ਮਾਰਕੇ ਅਤੇ ਮਾੜ੍ਹੇ ਬੋਲ ਬੋਲ ਕੇ ਉਨ੍ਹਾਂ ਨੂੰ ਜਿਸ ਤਰ੍ਹਾਂ ਅਪਮਾਨਿਤ ਕਰਦੇ ਹਨ ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ । ਜਿਹੜੇ ਲੋਕਾਂ ਨੇ ਪਹਾੜੀ ਰਾਜਿਆਂ ਵਾਂਗ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲਾ ਕਰਵਾਇਆ ਸੀ ਉਹ ਅਕਾਲ ਤਖ਼ਤ ਸਾਹਿਬ ‘ਤੇ ਮੋਹਰੇ ਹੋ ਕੇ ਚੌਧਰੀ ਬਣੇ ਬੈਠੇ ਹੁੰਦੇ ਹਨ ਤੇ ਸ਼ਹੀਦਾਂ ਦੇ ਵਾਰਸ ਟਾਸਕ ਫੋਰਸ ਨੇ ਨੁੱਕਰੇ ਲਾਏ ਹੁੰਦੇ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਇਹ ਵੀ ਸੰਗਤਾਂ ਨੂੰ ਜਵਾਬ ਦੇਵੇ ਕਿ ਉਸ ਦਿਨ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਸ਼ਹੀਦਾਂ ਨੂੰ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਦੇਣ ਲਈ ਤੇ ਕੌਮ ਨੂੰ ਨਵਾਂ ਪ੍ਰੋਗਰਾਮ ਦੇਣ ਲਈ ਸਟੇਜ ਕਿਉਂ ਨਹੀਂ ਚਲਾਈ ਜਾਂਦੀ ? ਉਹਨਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਕਿਤਾਬ ਸਿੱਖ ਕੌਮ ਨੂੰ ਕਿਉਂ ਨਹੀਂ ਦੇਂਦੀ ? ਉਹਨਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਨੂੰ ਇਹ ਵੀ ਜਵਾਬ ਦੇਵੇ ਕਿ ਫ਼ੌਜੀ ਹਮਲੇ ਸਮੇਂ ਜੋ ਭਾਰਤੀ ਫੌਜ ਸਿੱਖ ਰਾਇਫਰੈਸ ਲਾਇਬ੍ਰੇਰੀ ਵਿੱਚ ਜੋ ਸਿੱਖ ਕੌਮ ਦਾ ਅਣਮੁੱਲਾ ਖਜ਼ਾਨਾ ਟਰੱਕਾਂ ਦੇ ਟਰੱਕ ਭਰਕੇ ਲੈ ਗਏ ਸਨ ਉਸ ਵਿੱਚੋਂ ਫੌਜ ਨੇ ਵਾਪਸ ਕੀ ਕੀਤਾ ਹੈ ਤੇ ਹੁਣ ਫੌਜ ਵੱਲ ਬਕਾਇਆ ਸਮਾਨ ਕੀ ਪਿਆ ਹੈ?

error: Content is protected !!