ਸਰਕਾਰੀ ਸਕੂਲ ਦੀ ਮੈਡਮ ਨੇ ਕੁੱਟ-ਕੁੱਟ ਕਰ’ਤਾ ਬੱਚਿਆਂ ਦਾ ਬੁਰਾ ਹਾਲ, ਕਹਿੰਦੇ ਆਉਂਦੀ ‘ਮਾਤਾ ਦੀ ਚੌਂਕੀ’, ਅੱਕੇੇ ਬੱਚਿਆਂ ਨੇ ਚੁੱਕਿਆ ਕਦਮ

ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਹੰਗਾਮਾ ਹੋ ਗਿਆ। ਦੱਸ ਦਈਏ ਕਿ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ਼ ਅਧਿਆਪਕ ‘ਤੇ ਬੱਚਿਆਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਅਤੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਸ ਕਲੋਨੀ ਨੇੜੇ ਚੰਡੀਗੜ੍ਹ ਰੋਡ ਵੀ ਜਾਮ ਵੀ ਕਰ ਦਿੱਤਾ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਥਾਣਾ ਜਮਾਲਪੁਰ ਦੀ ਪੁਲਸ ਨੇ ਪ੍ਰਦਰਸ਼ਨਕਾਰੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੜਕ ਤੋਂ ਹਟਾ ਦਿੱਤਾ।

ਵਿਦਿਆਰਥੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਮੈਡਮ ਨੂੰ ਕੁਝ ਪਰੇਸ਼ਾਨੀ ਹੋ ਗਈ। ਇਸ ਕਾਰਨ ਉਹ ਬਿਨਾਂ ਕੁਝ ਸੋਚੇ ਬੱਚਿਆਂ ਨੂੰ ਕੁੱਟਣ ਲੱਗ ਜਾਂਦੀ ਹੈ। ਜਾਣਕਾਰੀ ਦਿੰਦਿਆਂ ਵਿਦਿਆਰਥੀ ਆਯੂਸ਼ ਨੇ ਦੱਸਿਆ ਕਿ ਅਸੀਂ ਇੱਕ ਕਿਤਾਬ ਲੈ ਕੇ ਪੜ੍ਹ ਰਹੇ ਸੀ। ਅਚਾਨਕ ਮੈਡਮ ਨੇ ਮੈਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਦੱਸਿਆ ਕਿ ਕਮਲਜੀਤ ਮੈਡਮ ਵੀਰਵਾਰ ਨੂੰ ਕੁਝ ਉਪਰਲੀ ਹਵਾ ਮਹਿਸੂਸ ਕਰ ਰਹੀ ਸੀ।

ਆਯੂਸ਼ ਨੇ ਦੱਸਿਆ ਕਿ ਅਧਿਆਪਕ ਨੇ ਪੂਰੀ ਜਮਾਤ ਦੇ ਬੱਚਿਆਂ ਦੀ ਕੁੱਟਮਾਰ ਕੀਤੀ। ਵਿਦਿਆਰਥੀ ਅਨਮੋਲਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਕਲਾਸ ਦੇ ਬਾਹਰ ਖੜ੍ਹੇ ਸੀ। ਇਸ ਦੌਰਾਨ ਕਮਲਜੀਤ ਮੈਡਮ ਨੇ ਅਕਾਸ਼ਦੀਪ ਅਤੇ ਮੈਨੂੰ ਡੰਡਿਆਂ ਨਾਲ ਕੁੱਟਿਆ। ਅਧਿਆਪਕ ਨੇ ਬਿਨਾਂ ਕਿਸੇ ਕਾਰਨ ਬੱਚਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਦੀ ਹੈੱਡ ਮੈਡਮ ਨੇ ਆ ਕੇ ਬੱਚਿਆਂ ਨੂੰ ਬਚਾਇਆ।

ਇਸ ਸਬੰਧੀ ਸਿੱਖਿਆ ਵਿਭਾਗ ਦੇ ਡੀ.ਓ ਐਲੀਮੈਂਟਰੀ ਰਵਿੰਦਰ ਕੌਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁੱਟਣਾ ਗਲਤ ਹੈ। ਅੱਜ ਦੇ ਯੁੱਗ ਵਿੱਚ ਉਪਰਲੀ ਹਵਾ ਆਉਣ ਦੀ ਗੱਲ ਬੇਬੁਨਿਆਦ ਹੈ। ਕਿਹਾ ਕਿ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਕਿ ਅਧਿਆਪਕ ਦਾ ਮੈਡੀਕਲ ਕਰਵਾਇਆ ਜਾਵੇ। ਉਹ ਮਾਨਸਿਕ ਤੌਰ ‘ਤੇ ਬਿਮਾਰ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕਰਕੇ ਅਧਿਆਪਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!