ਭੀਖ ਮੰਗਣ ਵਾਲਿਆਂ ‘ਤੇ ਐਕਸ਼ਨ ਤੇਜ਼, 11 ਦਿਨਾਂ ‘ਚ 195 ਬੱਚਿਆਂ ਨੂੰ ਬਚਾਇਆ

ਭੀਖ ਮੰਗਣ ਵਾਲਿਆਂ ‘ਤੇ ਐਕਸ਼ਨ ਤੇਜ਼, 11 ਦਿਨਾਂ ‘ਚ 195 ਬੱਚਿਆਂ ਨੂੰ ਬਚਾਇਆ

ਚੰਡੀਗੜ੍ਹ (ਵੀਓਪੀ ਬਿਊਰੋ) ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿਤੀ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਜੀਵਨਜੋਤ ਮੁਹਿੰਮ–2’ ਤਹਿਤ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ’ਤੇ ਮਾਰੇ ਗਏ 11 ਵਿਸ਼ੇਸ਼ ਛਾਪਿਆਂ ਦੌਰਾਨ 3 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ। ਇਸ ਤਰ੍ਹਾਂ ਮੁਹਿੰਮ ਦੀ ਸ਼ੁਰੂਆਤ ਤੋਂ ਸਿਰਫ 11 ਦਿਨਾਂ ਵਿਚ 190 ਵਿਸ਼ੇਸ਼ ਛਾਪਿਆਂ ਰਾਹੀਂ ਕੁੱਲ 195 ਬੱਚਿਆਂ ਨੂੰ ਬਚਾਇਆ ਗਿਆ ਹੈ।

ਉਨ੍ਹਾਂ ਦਸਿਆ ਕਿ ਇਹ ਵਿਸ਼ੇਸ਼ ਛਾਪੇ ਬਰਨਾਲਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿਚ ਖੇਤਰੀ ਬਾਲ ਸੁਰੱਖਿਆ ਟੀਮਾਂ ਵਲੋਂ ਮਾਰੇ ਗਏ।

ਛਾਪਿਆਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ 2 ਤੇ ਸੰਗਰੂਰ ਵਿਚ 1 ਬੱਚਾ ਬਚਾਇਆ ਗਿਆ। ਸੰਗਰੂਰ ਦੇ 1 ਬੱਚੇ ਨੂੰ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿਤਾ ਗਿਆ, ਜਦਕਿ ਹੁਸ਼ਿਆਰਪੁਰ ਦੇ 2 ਬੱਚਿਆਂ ਦੀ ਦਸਤਾਵੇਜ਼ੀ ਜਾਂਚ ਹਾਲੇ ਜਾਰੀ ਹੈ ਅਤੇ ਉਨ੍ਹਾਂ ਨੂੰ ਬਾਲ ਘਰ ਵਿਚ ਰਖਿਆ ਗਿਆ ਹੈ। ਡਾ. ਬਲਜੀਤ ਕੌਰ ਨੇ ਦਸਿਆ ਕਿ ਇਨ੍ਹਾਂ 11 ਦਿਨਾਂ ਦੌਰਾਨ ਕੁੱਲ 102 ਬੱਚੇ ਬਾਲ ਘਰਾਂ ਵਿਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਅਤੇ ਉਸ ਦੇ ਨਾਲ ਪਾਏ ਗਏ ਵਿਅਕਤੀ ਦੇ ਰਿਸ਼ਤੇ ’ਤੇ ਸ਼ੱਕ ਪੈਦਾ ਹੁੰਦਾ ਹੈ ਤਾਂ ਬਾਲ ਭਲਾਈ ਕਮੇਟੀ ਡਿਪਟੀ ਕਮਿਸ਼ਨਰ ਦੀ ਮੰਜ਼ੂਰੀ ਨਾਲ ਡੀਐਨ.ਏ. ਟੈਸਟ ਕਰਵਾ ਸਕਦੀ ਹੈ, ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਮੰਤਰੀ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਮਾਪੇ ਬੱਚਿਆਂ ਨੂੰ ਭੀਖ ਮੰਗਵਾਉਣ ਲਈ ਮਜਬੂਰ ਕਰਦੇ ਹਨ ਤਾਂ ਉਨ੍ਹਾਂ ਨੂੰ ਅਨਫਿਟ ਗਾਰਡੀਅਨ ਘੋਸ਼ਿਤ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਬੱਚਿਆਂ ਦੀ ਤਸਕਰੀ ਜਾਂ ਸ਼ੋਸ਼ਣ ਵਿਚ ਲਿਪਤ ਪਾਇਆ ਗਿਆ, ਤਾਂ ਉਸ ਵਿਰੁਧ ਵੀ ਕਠੋਰ ਸਜ਼ਾਵਾਂ ਦੀ ਪ੍ਰਬੰਧਨਾ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਜੇਕਰ ਕਿਸੇ ਵੀ ਥਾਂ ਕਿਸੇ ਬੱਚੇ ਨੂੰ ਭੀਖ ਮੰਗਦਿਆਂ ਦੇਖਣ ਤਾਂ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਤੁਰਤ ਸੂਚਨਾ ਦੇਣ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਬਦਲੀ ਜਾ ਸਕੇ।

error: Content is protected !!