ਪੰਜਾਬ ਦੇ ਰੰਗ ਫਿੱਕੇ ਕਰਨ ਵਾਲਿਆਂ ਨੂੰ ਜੇਲ੍ਹ ‘ਚ ਬਰਗਰ-ਪੀਜ਼ੇ ਨਹੀਂ ਮਿਲਣੇ: CM ਭਗਵੰਤ ਮਾਨ
ਧੂਰੀ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀਆਂ ‘ਤੇ ਹਾਵੀ ਰਹਿੰਦੇ ਹਨ। ਆਪਣੇ ਹਰ ਖਟਾਸ਼ ਭਰੇ ਬਿਆਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਚਿੱਤ ਕਰ ਦਿੰਦੇ ਹਨ। ਬੀਤੇ ਦਿਨ ਜਦ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਦੇ ਪਿੰਡ ਢੱਡਗਲ ਵਿੱਚ ਦੋ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ‘ਤੇ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਦੋਵੇਂ ਸੜਕਾਂ 18-18 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ। 25 ਦਿਨਾਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ।
ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਦਾ ਨਾਮ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਪੀਜ਼ਾ ਨਹੀਂ ਮਿਲੇਗਾ, ਤੁਹਾਨੂੰ ਜੇਲ੍ਹ ਦੀ ਰੋਟੀ ਖਾਣੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਕਰ ਦਿੱਤੇ ਹਨ, ਘਰਾਂ ਦੀ ਚਮਕ ਖੋਹ ਲਈ ਹੈ, ਉਨ੍ਹਾਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਜਿਸ ਦਿਨ ਸਬੂਤ ਮਿਲ ਜਾਣਗੇ, ਉਸਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।
ਜੇਲ੍ਹ ਉਸਨੂੰ ਦੂਜੇ ਕੈਦੀਆਂ ਵਾਂਗ ਖਾਣਾ ਦੇਵੇਗੀ। ਉਸਨੂੰ ਉੱਥੇ ਪੀਜ਼ਾ, ਬਰਗਰ ਅਤੇ ਗਾਰਲਿਕ ਬ੍ਰੈੱਡ ਨਹੀਂ ਦਿੱਤਾ ਜਾਵੇਗਾ। ਜੇ ਤੁਸੀਂ ਮੀਨੂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਨਾਭਾ ਜਾ ਸਕਦੇ ਹੋ। ਜਿਨ੍ਹਾਂ ਨੇ ਰੰਗਲੇ ਪੰਜਾਬ ਦੇ ਰੰਗਾਂ ਨੂੰ ਖਰਾਬ ਕੀਤਾ ਹੈ, ਉਨ੍ਹਾਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ।





