ਬੇਚਾਰਾ ਦਿਹਾੜੀਦਾਰ ਵੀ ਨਾ ਛੱਡਿਆ ਠੱਗਾਂ ਨੇ, ਖਾਲੀ ਕਰ’ਤਾ ਬੈਂਕ ਖਾਤਾ
ਬਰਨਾਲਾ (ਵੀਓਪੀ ਬਿਊਰੋ) ਸਾਈਬਰ ਕ੍ਰਾਈਮ ਕਰਨ ਵਾਲਿਆਂ ਦਾ ਜਾਲ ਹੁਣ ਆਮ ਲੋਕਾਂ ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਸਾਈਬਰ ਠੱਗ ਨੇ ਇੱਕ ਦਿਹਾੜੀਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਉਸਦੇ ਅਕਾਊਂਟ ਨੂੰ ਖਾਲੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਪੀੜਿਤ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਕਾਗਜ਼ਾਤ ਆਪਣੇ ਪਿੰਡ ਭੇਜਣ ਲਈ ਡਾਕਖਾਨੇ ਵਿੱਚ ਪਹੁੰਚ ਕੇ ਪੋਸਟ ਕਰਵਾਇਆ ਸੀ। ਜੋ ਪਿਛਲੇ ਚਾਰ ਪੰਜ ਦਿਨਾਂ ਤੋਂ ਲੁਧਿਆਣਾ ਵਿਖੇ ਹੀ ਰੁਕਿਆ ਹੋਇਆ ਦਿਖਾਈ ਦੇ ਰਿਹਾ ਸੀ। ਇਸ ਸਬੰਧੀ ਜਦੋਂ ਉਸਨੇ ਪੋਸਟ ਆਫਿਸ ਵਿੱਚ ਪਹੁੰਚ ਕੇ ਇਸ ਸਬੰਧੀ ਦੱਸਿਆ ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਡੀ ਕੰਪਲੇਂਟ ਪਾ ਦਿੰਦੇ ਹਾਂ ਪਰ ਉਸ ਤੋਂ ਅਗਲੇ ਦਿਨ ਦੁਪਹਿਰ 2 ਵਜੇ ਦੇ ਕਰੀਬ ਉਸ ਨੂੰ ਇੱਕ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡਾ ਇੱਕ ਪੋਸਟ ਜੋ ਲੁਧਿਆਣਾ ਵਿਖੇ ਫਸਿਆ ਹੋਇਆ ਹੈ ਉਹ ਡੀ-ਐਕਟੀਵੇਟ ਹੋਣ ਕਰਕੇ ਰੁਕਿਆ ਹੋਇਆ ਹੈ, ਇਸ ਨੂੰ ਐਕਟਿਵ ਕਰਨਾ ਪਵੇਗਾ ਇਸ ਲਈ ਤੁਹਾਨੂੰ ਦੋ ਰੁਪਏ ਸੈਂਡ ਕਰਨੇ ਹੋਣਗੇ।
ਇਸ ਤੋਂ ਬਾਅਦ ਸਾਈਬਰ ਠੱਗ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਤੁਹਾਡੀ ਪ੍ਰੋਫਾਈਲ ਐਕਟਿਵ ਕਰ ਦਿੰਦਾ ਹੈ ਅਤੇ ਤੁਹਾਡੀ ਪੋਸਟ ਫਿਰ ਜਲਦ ਤੋਂ ਜਲਦ ਤੁਹਾਡੇ ਪਿੰਡ ਪਹੁੰਚ ਜਾਵੇਗੀ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਿਤ ਨੂੰ ਇੱਕ ਲਿੰਕ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਫਿੱਲ ਕਰਕੇ ਆਪਣਾ ਪਿੰਨ ਭਰ ਦਵੋ ਅਤੇ ਦੋ ਰੁਪਏ ਸੈਂਡ ਕਰ ਦਵੋ, ਜਦੋਂ ਉਸ ਨੇ ਫਿਲ ਕਰਕੇ ਦੋ ਰੁਪਏ ਭੇਜੇ ਗਏ ਲਿੰਕ ਤੇ ਸੈਂਡ ਕੀਤੇ ਤਾਂ ਉਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 3400 ਰੁਪਏ ਉੱਡ ਗਿਆ। ਜਿਸ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨਾਲ ਸੰਪਰਕ ਕਰਿਆ ਤਾਂ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਉਸਨੂੰ ਬਲੋਕ ਕਰ ਦਿੱਤਾ।
ਪੀੜਤ ਵਿਅਕਤੀਆਂ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਉਸਨੇ ਬੜੀ ਮਿਹਨਤ ਨਾਲ ਆਪਣੇ 3400 ਰੁਪਏ ਜੋੜੇ ਸਨ, ਲੇਕਿਨ ਸਾਈਬਰ ਠੱਗ ਨੇ ਉਸ ਨਾਲ ਠੱਗੀ ਕਰ ਲਈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।







