ਪੰਜਾਬ ‘ਚ ਹੜ੍ਹਾਂ ਦਾ ਜਾਇਜ਼ਾ ਲੈਣ ਆ ਰਹੇ ਰਾਹੁਲ ਗਾਂਧੀ, ਬਿੱਟੂ ਦਾ ਤੰਜ਼- “ਐਸ਼ ਕਰ ਕੇ ਆ ਰਿਹਾ ਹੁਣ”

ਵੀਓਪੀ ਬਿਊਰੋ – ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨੇ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਫੰਡ ਐਲਾਨਿਆ। ਇਸ ਤੋਂ ਬਾਅਦ ਹੁਣ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।

ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਸੋਮਵਾਰ ਨੂੰ ਪੰਜਾਬ ਪਹੁੰਚ ਰਹੇ ਹਨ ਤਾਂ ਜੋ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਰਾਹੁਲ ਗਾਂਧੀ ਦਾ ਇਹ ਦੌਰਾ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਸਾਬਕਾ ਕਾਂਗਰਸੀ ਤੇ ਮੌਜੂਦ ਮੰਤਰੀ ਰਵਨੀਤ ਬਿੱਟੂ ਵੱਲੋਂ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ।
ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਲੋਕ ਡੁੱਬੇ ਪਏ ਨੇ, ਹੁਣ ਸਭ ਕੁਝ ਨਿਬੜ ਗਿਆ ਤਾਂ ਆ ਰਹੇ ਹਨ ਹੜ ਪੀੜਤਾਂ ਦੀ ਸਾਰ ਲੈਣ ਪੰਜਾਬ।
ਇਸ ਸਬੰਧੀ ਰਵਨੀਤ ਬਿੱਟੂ ਨੇ ਇੱਕ ਟਵੀਟ ਵੀ ਕੀਤਾ ਅਤੇ ਕਿਹਾ ਕਿ ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਹਨ!… ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਹਨ – ਦੌੜ ਦੇ ਘੋੜੇ, ਵਿਆਹ ਦੇ ਘੋੜੇ, ਇੱਥੋਂ ਤੱਕ ਕਿ ਲੰਗੜੇ ਘੋੜੇ ਵੀ। ਪਰ ਰਾਹੁਲ ਜੀ, ਤੁਸੀਂ ਜਾ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ? … ਜਦੋਂ ਉਪ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਸਨ, ਤੁਸੀਂ ਛੁੱਟੀਆਂ ਦਾ ਆਨੰਦ ਮਾਣਨ ਵਿੱਚ ਰੁੱਝੇ ਹੋਏ ਸੀ। … ਅਤੇ ਜਦੋਂ ਪੰਜਾਬ ਡੁੱਬ ਰਿਹਾ ਸੀ ਅਤੇ ਲੋਕ ਰੋ ਰਹੇ ਸਨ, ਓਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ! … ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ, ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਪਦੇ ਹਨ।





