ਇਕ ‘ਮਾਨ’ ਮੰਨਦੈ ਸ਼ਹੀਦ ਨੂੰ ਰੋਲ ਮਾਡਲ ਤਾਂ ਦੂਜਾ ਅੱਤਵਾਦੀ, ਪੰਜਾਬ ਦੀ ਸਿਆਸਤ ‘ਚ ਉੱਛਲ ਰਿਹਾ ਸ਼ਹੀਦ ਦਾ ਨਾਂ, ਕਿੰਨਾ ਕੁ ਸਹੀ…

ਇਕ ‘ਮਾਨ’ ਮੰਨਦੈ ਸ਼ਹੀਦ ਨੂੰ ਰੋਲ ਮਾਡਲ ਤਾਂ ਦੂਜਾ ਅੱਤਵਾਦੀ, ਪੰਜਾਬ ਦੀ ਸਿਆਸਤ ‘ਚ ਉੱਛਲ ਰਿਹਾ ਸ਼ਹੀਦ ਦਾ ਨਾਂ, ਜਾਣੋ ਕਿੰਨਾ ਕੁ ਸਹੀ…

ਜਲੰਧਰ (ਸੁੱਖ ਸੰਧੂ) ਸਿਰ ਦੇ ਕੇਸਰੀ ਰੰਗੀ ਦਸਤਾਰ ਬੰਨ ਕੇ ਵਿਧਾਨ ਸਭਾ ਚੋਣਾਂ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਰੋਲ ਮਾਡਲ ਮੰਨ ਕੇ ਉੱਤਰੇ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ 92 ਸੀਟਾਂ ਦਿਵਾ ਕੇ ਇਕ ਨਵੀਂ ਲਹਿਰ ਲਿਆਂਦੀ। ਇਸ ਤੋਂ ਬਾਅਦ ਉਹਨਾਂ ਨੇ ਆਪਣਾ ਸਹੁੰ ਚੁੱਕ ਸਮਾਗਮ ਵੀ ਖਟਕੜ ਕਲਾਂ ਵਿਖੇ ਕੀਤਾ ਅਤੇ ਸਾਰਿਆਂ ਨੂੰ ਕੇਸਰੀ ਰੰਗੀ ਦਸਤਾਰ ਤੇ ਬੀਬੀਆਂ ਨੂੰ ਕੇਸਰੀ ਰੰਗੀਆਂ ਚੁੰਨੀਆਂ ਲੈ ਕੇ ਆਉਣ ਨੂੰ ਕਿਹਾ। ਇਸ ਦੌਰਾਨ ਉਹਨਾਂ ਨੇ ਸਰਕਾਰ ਬਣਦੇ ਹੀ ਸਾਰੇ ਸਰਕਾਰੀ ਦਫਤਰਾਂ ਵਿਚ ਡਾ. ਬੀਆਰ ਅੰਬੇਡਕਰ ਦੀ ਤਸਵੀਰ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਾਉਣੀ ਜ਼ਰੂਰੀ ਕਰ ਦਿੱਤੀ।

ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਇਕ ਹੋਰ ਮਾਨ ਵੀ ਪੰਜਾਬ ਦੀ ਸਿਆਸਤ ਵਿਚ ਕਾਫੀ ਸਰਗਰਮ ਹਨ। ਉਹ ਨਾਂ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਮੌਜੂਦਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ, ਜਿਹਨਾਂ ਨੇ ਲੋਕ ਸਭਾ ਸੀਟ ਸੰਗਰੂਰ ਦੀ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਕਰੀਬ 23 ਸਾਲ ਬਾਅਦ ਲੋਕ ਸਭਾ ਵਿਚ ਦੁਬਾਰਾ ਐਂਟਰੀ ਕੀਤੀ। ਇਸ ਦੌਰਾਨ ਉਹਨਾਂ ਨੇ ਵੀ ਸ਼ਹੀਦ ਭਗਤ ਸਿੰਘ ਦਾ ਨਾਂ ਵਰਤਿਆ ਪਰ ਉਹਨਾਂ ਨੇ ਉਹਨਾਂ ਨੂੰ ਅੱਤਵਾਦੀ ਕਹਿ ਸੰਬੋਧਨ ਕੀਤਾ ਅਤੇ ਇਸ ਕਾਰਨ ਉਹਨਾਂ ਦਾ ਕਾਫੀ ਵਿਰੋਧ ਹੋਣ ਲੱਗਾ ਅਤੇ ਉਹਨਾਂ ਨੂੰ ਆਪਣੇ ਇਸ ਵਿਵਾਦਤ ਬਿਆਨ ਕਾਰਨ ਮਾਫੀ ਮੰਗਣ ਲਈ ਕਿਹਾ ਜਾਣ ਲੱਗਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਆਪਣੇ ਬਿਆਨ ਉੱਤੇ ਕਾਇਮ ਹਨ ਪਰ ਮਾਫੀ ਨਹੀਂ ਮੰਗਣਗੇ।

ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਹਰਿਆਣਾ ਦੇ ਕਰਨਾਲ ਵਿਚ ਸਿਮਰਨਜੀਤ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਜੋ ਅਸੈਂਬਲੀ ਵਿਚ ਬੰਬ ਸੁੱਟੇਗਾ ਅਤੇ “ਅੰਮ੍ਰਿਤਧਾਰੀ” ਸਿੱਖ ਪੁਲਿਸ ਕਾਂਸਟੇਬਲ (ਚੰਨਣ ਸਿੰਘ) ਨੂੰ ਗੋਲੀ ਮਾਰ ਕੇ ਮਾਰਿਆ ਸੀ। ਉੱਤੇ ਗੋਲੀ ਚਲਾਵੇਗਾ ਤਾਂ ਉਸ ਨੂੰ ਅੱਤਵਾਦੀ ਨਾ ਕਹਿ ਕੇ ਕੀ ਕਿਹਾ ਜਾਵੇ। ਉਹਨਾਂ ਨੇ ਕਿਹਾ ਸੀ ਕਿ ਇਹ ਆਜਾਦੀ ਉਹਨਾਂ ਦੀ ਮੌਤ ਤੋਂ ਕਾਫੀ ਸਮੇਂ ਬਾਅਦ ਮਿਲੀ ਸੀ ਤਾਂ ਫਿਰ ਅਜਿਹਾ ਕਿਸ ਤਰਹਾਂ ਕਿਹਾ ਜਾ ਸਕਦਾ ਹੈ ਕਿ ਆਜਾਦੀ ਸ਼ਹੀਦ ਭਗਤ ਸਿੰਘ ਨੇ ਦਿਵਾਈ ਹੈ।

ਇਸ ਵਿਵਾਦ ਨੇ ਨਵਾਂ ਮੋੜ ਉਸ ਸਮੇਂ ਲੈ ਆ ਜਦ ਸਿਮਰਨਜੀਤ ਸਿੰਘ ਮਾਨ ਨੇ ਲੜਕੇ ਇਮਾਨ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਸਿੱਖ ਅਜਾਇਬਘਰ ਵਿੱਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣ ਲਈ ਕਹਿ ਦਿੱਤਾ। ਇਸ ਚਿੱਠੀ ਤੋਂ ਬਾਅਦ ਵੀ ਕਾਫੀ ਹੰਗਾਮਾ ਹੋਇਆ ਅਤੇ ਕਈ ਸਿਆਸੀ ਵਿਰੋਧੀਆਂ ਨੇ ਇਸ ਨੂੰ ਪੂਰੀ ਤਰਹਾਂ ਦੇ ਨਾਲ ਨਕਾਰਿਆ ਸੀ।

ਜਦ ਸਿਮਰਨਜੀਤ ਸਿੰਘ ਮਾਨ ਨੂੰ ਇਕ ਸਵਾਲ ਕੀਤਾ ਗਿਆ ਸੀ ਕਿ ਉਹਨਾਂ ਦੇ ਦਾਦਾ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਿਉਂ ਕੀਤਾ ਸੀ, ਤਾਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੇ ਦਾਦਾ ਅਰੂੜ ਸਿੰਘ ਅਜਿਹਾ ਨਾ ਕਰਦੇ ਤਾਂ ਸ਼ਾਇਦ ਉਸ ਸਮੇਂ ਵੀ ਅੰਗਰੇਜ਼ ਸਰਕਾਰ ਦਰਬਾਰ ਸਾਹਿਬ ਉੱਤੇ ਹਮਲਾ ਕਰਦੀ ਪਰ ਉਸ ਦੇ ਦਾਦਾ ਜੀ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰ ਕੇ ਇਸ ਤਰਹਾਂ ਹੋਣ ਤੋਂ ਬਚਾਇਆ ਸੀ। ਉਹਨਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ’84 ਵੀ ਟੱਲ ਜਾਂਦੀ ਜੇਕਰ ਇੰਦਰਾ ਗਾਂਧੀ ਨੂੰ ਸਿਰੋਪਾਓ ਪਾ ਕੇ ਸ਼ਾਂਤ ਕਰ ਦਿੰਦੇ।

ਇਸੇ ਵਿਵਾਦਤ ਬਿਆਨ ਕਾਰਨ ਭਾਜਪਾ ਵੱਲੋਂ ਦਿੱਲੀ ਪੁਲਿਸ ਨੂੰ ਉਹਨਾਂ ਖਿਲਾਫ ਕਾਰਵਾਈ ਲਈ ਵੀ ਸ਼ਿਕਾਇਤ ਦਿੱਤੀ ਗਈ ਹੈ। ਇਸ ਦੌਰਾਨ ਪੰਜਾਬ ਵਿਚ ਵੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ ਵੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਰਕਾਰ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਈ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਵਿਚ ਬਰੀ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੀ ਗੱਲ ਤਰਕ ਨਾਲ ਰੱਖੀ ਸੀ। ਉਹਨਾਂ ਨੇ ਕਿਹਾ ਕਿ ਉਹ ਆਪਣੇ ਇਸ ਬਿਆਨ ਕਾਰਨ ਕਾਨੂੰਨੀ ਕਾਰਵਾਈ ਤੋਂ ਨਹੀਂ ਡਰਦੇ ਹਨ।

ਦੂਜੇ ਪਾਸੇ ਜਦ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਹੀ ਉਨਹਾਂ ਨੂੰ ਆਜ਼ਾਦੀ ਦਿਵਾਈ ਹੈ । ਉਸੇ ਆਜਾਦੀ ਦਾ ਨਿੱਘ ਮਾਣਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਸੰਵਿਧਾਨ ਦੀ ਸਹੁੰ ਖਾਧੀ ਸੀ ਅਤੇ ਹੁਣ ਇਸ ਦੀ ਨਿੰਦਾ ਕਰ ਰਹੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਲਈ ਲੜ ਰਹੇ ਸਨ। ਉਹਨਾਂ ਨੇ ਕਿਹਾ ਕਿ ਉਨਹਾਂ ਨੂੰ ਅਜਿਹੇ ਅਹੁਦੇ ਉਤੇ ਰਹਿ ਕੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਹਨਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਹ 500 ਸਾਲ ਤੱਕ ਸ਼ਹੀਦ ਰਹੇਗਾ। ਪਾਕਿਸਤਾਨ ਵਿੱਚ ਵੀ ਉਸਦੀ ਪੂਜਾ ਕੀਤੀ ਜਾਂਦੀ ਹੈ। ਉਦੋਂ ਪਾਕਿਸਤਾਨ ਵੀ ਨਹੀਂ ਬਣਿਆ ਸੀ। ਉਸ ਦੇ ਨਾਂ ‘ਤੇ ਚੌਕ ਬਣਾਇਆ ਗਿਆ ਹੈ। ਹਾਲਾਂਕਿ ਮਾਨ ਨੇ ਕਾਨੂੰਨੀ ਕਾਰਵਾਈ ਦੀ ਮੰਗ ‘ਤੇ ਕੁਝ ਨਹੀਂ ਕਿਹਾ।

ਅੰਤ ਅਸੀ ਇਸ ਸਾਰੇ ਮਾਮਲੇ ਸਬੰਧੀ ਇਕ ਹੀ ਸਿੱਟਾ ਕੱਢ ਸਕਦੇ ਹਾਂ ਕਿ ਅਸੀ ਆਪਣੀ ਸਿਆਸੀ ਲੜਾਈ ਵਿਚ ਛੋਟੀ ਉਮਰੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਨੂੰ ਬਦਨਾਮ ਨਾ ਕਰੀਏ ਅਤੇ ਆਪਣੀ ਸਿਆਸੀ ਕਿੜ ਕੱਡਣ ਲਈ ਕਿਸੇ ਨੂੰ ਹੋਰਨਾਂ ਦੀਆਂ ਨਜ਼ਰਾਂ ਵਿਚ ਛੋਟਾ ਨਾ ਕਰੀਏ। ਸ਼ਹੀਦ ਭਗਤ ਸਿੰਘ ਨੇ ਵੀ ਛੋਟੀ ਉਮਰੇ ਹੀ ਦੇਸ਼ ਲਈ ਲੜਾਈ ਲੜੀ ਸੀ ਕਿਉਂਕੀ ਦੇਸ਼ ਉਸ ਸਮੇਂ ਗੁਲਾਮ ਸੀ ਤੇ ਉਸ ਨੂੰ ਜੋ ਸਹੀ ਲੱਗਾ ਉਹਨਾਂ ਨੇ ਆਪਣੇ ਦੇਸ਼ ਦੇ ਲੋਕਾਂ ਲਈ ਆਪਣੀ ਜਾਨ ਦਾ ਪ੍ਰਵਾਹ ਨਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।

error: Content is protected !!