ਸਿੱਖ ਔਰਤ ਨੇ ਜੇ ਦਸਤਾਰ ਨਹੀਂ ਪਹਿਣੀ ਤਾਂ ਕੱਟੇਗਾ ਚਲਾਨ, ਪੜ੍ਹੋ ਨਵਾਂ ਨਿਯਮ…

ਸਿੱਖ ਔਰਤ ਨੇ ਜੇ ਦਸਤਾਰ ਨਹੀਂ ਪਹਿਣੀ ਤਾਂ ਕੱਟੇਗਾ ਚਲਾਨ, ਪੜ੍ਹੋ ਨਵਾਂ ਨਿਯਮ…

ਵੀਓਪੀ ਬਿਊਰੋ – ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਦੋਪਹੀਆ ਵਾਹਨ ਚਲਾਉਣ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਸ ਦੌਰਾਨ ਹੁਣ ਔਰਤਾਂ ਲਈ ਵੀ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਜ਼ਰੂਰੀ ਹੋਵੇਗਾ ਅਤੇ ਇਸ ਦੌਰਾਨ ਸਿੱਖ ਔਰਤਾਂ ਨੂੰ ਰਾਹਤ ਦਿੱਤੀ ਗਈ ਹੈ ਪਰ ਜੇਕਰ ਉਹਨਾਂ ਨੇ ਦਸਤਾਰ ਵੀ ਨਾ ਬੰਨੀ ਹੋਈ ਤਾਂ ਉਹਨਾਂ ਨੂੰ ਵੀ ਚਲਾਨ ਭਰਨਾ ਪਵੇਗਾ। ਰੋਡ ਸੇਫਟੀ ਕੌਂਸਲ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਹੈਲਮੇਟਾਂ ਦੀ ਰਿਕਾਰਡ ਖਰੀਦਦਾਰੀ ਹੋ ਰਹੀ ਹੈ।

ਰੋਡ ਸੇਫਟੀ ਕੌਂਸਲ ਦੀ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਟ੍ਰੈਫਿਕ ਸੁਰੱਖਿਆ ਦੇ ਮੁੱਦੇ ਵਿਚਾਰੇ ਗਏ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਕੀਤੀ ਗਈ ਸੋਧ ਨੂੰ ਯੂਟੀ ਚੰਡੀਗੜ੍ਹ ਵਿੱਚ ਹੀ ਲਾਗੂ ਕੀਤਾ ਜਾਵੇਗਾ। ਜਲਦੀ ਹੀ ਇਸ ਪ੍ਰਸਤਾਵ ਨੂੰ ਅੰਤਿਮ ਮਨਜ਼ੂਰੀ ਲਈ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਭੇਜਿਆ ਜਾਵੇਗਾ। ਵਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਗ੍ਰਹਿ ਸਕੱਤਰ, ਵਿੱਤ ਸਕੱਤਰ, ਡੀਸੀ, ਐਸਐਸਪੀ ਟਰੈਫਿਕ, ਟਰਾਂਸਪੋਰਟ ਸਕੱਤਰ, ਟਾਊਨ ਪਲਾਨਰ ਵੀ ਹਾਜ਼ਰ ਸਨ।

ਇਸ ਦੌਰਾਨ ਕਿਹਾ ਗਿਆ ਹੈ ਕਿ ਜੇਕਰ ਤੁਸੀ ਦੋ ਪਹੀਆ ਵਾਹਨ ਦੇ ਪਿੱਛੇ ਵੀ ਬੈਠੇ ਹੋਏ ਹੋ ਤਾਂ ਵੀ ਤੁਹਾਡੇ ਲਈ ਹੈਲਮੇਟ ਜ਼ਰੂਰੀ ਹੈ। ਜੇਕਰ ਪਿੱਛੇ ਬੈਠੀ ਸਿੱਖ ਔਰਤ ਪੱਗ ਬੰਨ੍ਹਦੀ ਹੈ ਤਾਂ ਉਸ ਨੂੰ ਛੋਟ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦਸੰਬਰ 2018 ਵਿੱਚ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿੱਖ ਔਰਤਾਂ ਤੋਂ ਇਲਾਵਾ ਹੋਰ ਸਾਰੀਆਂ ਔਰਤਾਂ ਨੂੰ ਡਰਾਈਵਿੰਗ ਕਰਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਸੀ। ਹੁਣ ਇਸ ਨੋਟੀਫਿਕੇਸ਼ਨ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਜਲਦੀ ਹੀ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਸ਼ਹਿਰ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਵਿੱਚ ਬੈਠੇ ਕਰਮਚਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਆਨਲਾਈਨ ਭੇਜਦੇ ਹਨ। ਦੂਜੇ ਪਾਸੇ ਕਈ ਲੋਕ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਹਨ ਪਰ ਅਧਿਕਾਰੀਆਂ ਨੇ ਕਿਹਾ ਕਿ ਵਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਹ ਕਾਫੀ ਜ਼ਰੂਰੀ ਹੈ।

error: Content is protected !!