ਪੂਰੀ ਰਾਤ ਹੋਈ ਸੁਣਵਾਈ, ਤੜਕਸਾਰ 4 ਵਜੇ ਅਕਾਲੀ ਆਗੂ ਕੰਚਨਪ੍ਰੀਤ ਕੌਰ ਰਿਹਾਅ
ਤਰਨਤਾਰਨ (ਵੀਓਪੀ ਬਿਊਰੋ) ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆ ਚੁੱਕੇ ਨੇ ਪਰ ਇਸ ਨੂੰ ਲੈ ਕੇ ਸਿਆਸੀ ਹਵਾ ਹਾਲੇ ਵੀ ਗਰਮ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਚੋਣਾਂ ਦੌਰਾਨ ਵੋਟਰਾਂ ਨੂੰ ਧਮਕਾਉਣ ਦੇ ਦੋਸ਼ੀ ਹੇਠ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਤਰਨਤਾਰਨ ਅਦਾਲਤ ਵਿੱਚ ਬੀਤੀ ਰਾਤ 8 ਵਜੇ ਸੁਣਵਾਈ ਸ਼ੁਰੂ ਹੋਈ ਅਤੇ ਅਦਾਲਤ ਨੇ ਸਵੇਰੇ 4 ਵਜੇ ਆਪਣਾ ਫੈਸਲਾ ਸੁਣਾਉਂਦਿਆਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪੁਲਿਸ ਨੇ ਇਕ ਜ਼ਮਾਨਤੀ ਧਾਰਾਵਾਂ ਵਾਲੇ ਪਰਚੇ ਵਿਚ ਬਿਨਾਂ ਜ਼ਮਾਨਤੀ ਧਾਰਾ ਜੋੜ ਕੇ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਸੀ। ਸੁਪਰੀਮ ਕੋਰਟ ਦੀ ਰੂਲਿੰਗ ਕਹਿੰਦੀ ਹੈ ਕਿ ਅਜਿਹਾ ਨਹੀਂ ਕੀਤੀ ਜਾ ਸਕਦਾ। ਇਸ ਕਾਰਵਾਈ ਨੂੰ ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਕਾਰਵਾਈ ਹੈ। ਨਾਲ ਹੀ ਪੁਲਿਸ ਨੂੰ ਤਾੜਨਾ ਵੀ ਕੀਤੀ ਹੈ ਕਿ ਉਹ ਅਜਿਹੀ ਕਾਰਵਾਈ ਅੱਗੇ ਨਾ ਕਰੇ।


