ਛੱਪੜ ‘ਚ ਡੁੱਬਿਆ ਘੋੜ ਸਵਾਰ
ਵੀਓਪੀ ਬਿਊਰੋ – ਘਨੌਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇੱਕ ਘੋੜ ਸਵਾਰ ਦੀ ਛੱਪੜ ‘ਚ ਡੁੱਬਣ ਕਾਰਨ ਮੌਤ ਗਈ। ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਹਲਕਾ ਘਨੌਰ ਦੇ ਪਿੰਡ ਨੌਗਾਵਾਂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਬੇਕਾਬੂ ਹੋਏ ਘੋੜੇ ਕਾਰਨ ਡੂੰਘੇ ਟੋਬੇ (ਛੱਪੜ) ਵਿੱਚ ਡੁੱਬਣ ਨਾਲ ਇੱਕ ਨੌਜਵਾਨ ਘੋੜ ਸਵਾਰ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਵੀ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਨੌਗਾਵਾਂ ਦੇ ਪੈਟਰੋਲ ਪੰਪ ਮਾਲਕ ਦਿਲਜੀਤ ਸਿੰਘ ਵੱਲੋਂ ਰਾਜਸਥਾਨ ਦੇ ਸੀਕਰ (Sikar) ਤੋਂ ਇੱਕ ਨਵਾਂ ਘੋੜਾ ਮੰਗਵਾਇਆ ਗਿਆ ਸੀ। ਇਸ ਘੋੜੇ ਨੂੰ ਟ੍ਰੇਨਿੰਗ ਦੇਣ ਲਈ ਰਾਜਸਥਾਨ ਤੋਂ ਹੀ ਸਮੀਰ ਨਾਮ ਦਾ ਇੱਕ ਮਾਹਿਰ ਘੋੜ ਸਵਾਰ ਆਪਣੇ ਇੱਕ ਹੋਰ ਸਾਥੀ ਨਾਲ ਇੱਥੇ ਆਇਆ ਹੋਇਆ ਸੀ।
ਕੱਲ ਸਵੇਰੇ ਤਕਰੀਬਨ 11 ਵਜੇ ਦੇ ਕਰੀਬ, ਜਦੋਂ ਸਮੀਰ ਘੋੜੇ ਨੂੰ ਟ੍ਰੇਨਿੰਗ ਦਿੰਦਾ ਹੋਇਆ ਪਿੰਡ ਦੀ ਫਿਰਨੀ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਿੱਧਾ ਪਿੰਡ ਦੇ ਗਹਿਰੇ ਟੋਬੇ ਵਿੱਚ ਜਾ ਵੜਿਆ।
ਟੋਬਾ ਕਾਫੀ ਡੂੰਘਾ ਹੋਣ ਕਾਰਨ ਸਮੀਰ ਘੋੜੇ ਸਮੇਤ ਪਾਣੀ ਵਿੱਚ ਸਮਾ ਗਿਆ। ਭਾਵੇਂ ਸਮੀਰ ਨੇ ਬਾਹਰ ਨਿਕਲਣ ਦੀ ਕਾਫੀ ਜੱਦੋਜਹਿਦ ਕੀਤੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਾ ਆ ਸਕਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਸਮੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।


