“ਦਿਹਾੜੀ ਲਾ ਕੇ ਪੈਸੇ ਮੰਗਣ ਗਏ ਮਜ਼ਦੂਰ ਨੂੰ ਪੈਸੇ ਦੇ ਹੰਕਾਰੀਆਂ ਨੇ ਜਾਨੋਂ ਮਾਰਿਆ”
ਅੰਮ੍ਰਿਤਸਰ (ਵੀਓਪੀ ਬਿਊਰੋ) ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਭਰਦੇ ਸ਼ਖਸ ਨੂੰ ਪੈਸਿਆਂ ਦੇ ਹੰਕਾਰੀਆਂ ਹੱਥੋਂ ਜਾਨ ਗਵਾਉਣੀ ਪੈ ਗਈ। ਅੰਮ੍ਰਿਤਸਰ ਵਿੱਚ ਦਿਹਾੜੀ ਦੇ ਪੈਸੇ ਮੰਗਣ ਗਏ ਇੱਕ ਨੌਜਵਾਨ ਦੀ ਕੋਠੀ ਮਾਲਕਾਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਦੇ ਸਿਰ ‘ਤੇ ਟਾਈਲ ਨਾਲ ਵਾਰ ਕੀਤਾ ਗਿਆ ਅਤੇ ਸਰੀਏ ਨਾਲ ਬੇਰਹਮੀ ਨਾਲ ਮਾਰਿਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸਦੇ ਨਾਲ ਮੌਜੂਦ ਦੂਸਰਾ ਮਜ਼ਦੂਰ ਕਿਸੇ ਤਰ੍ਹਾਂ ਕੰਧ ਟੱਪ ਕੇ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਿਰਫ਼ ਬਿਆਨ ਲੈ ਕੇ ਚਲੇ ਜਾਣ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਦੋਸ਼ ਹੈ ਕਿ ਕੋਠੀ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਸਾਰੀ ਘਟਨਾ ਕੈਦ ਹੈ, ਫਿਰ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਨਸਾਫ਼ ਦਿੱਤਾ ਜਾਵੇਗਾ।


