AI ਵੀਡੀਓ ਬਣਾ ਕੇ ਪੰਜਾਬ ‘ਚ ਮੁੜ ਬੇਅਦਬੀ, ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਠੇਸ
ਅੰਮ੍ਰਿਤਸਰ (ਵੀਓਪੀ ਬਿਊਰੋ) ਲੋਕਾਂ ਦੀ ਸਹੂਲਤ ਤੇ ਡਿਜੀਟਲ ਦੁਨੀਆਂ ਨੂੰ ਆਸਾਨ ਕਰਨ ਲਈ ਲਿਆਂਦੀ ਗਈ ਐਪਲੀਕੇਸ਼ਨ ਜਾਂ ਸੋਫਟਵੇਅਰ ਕਹਿ ਲਓ ਏਆਈ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਰਗੇ ਸੂਬੇ ਵਿੱਚ ਖਾਫੀ ਖਤਰਨਾਕ ਹੋ ਰਹੀ ਹੈ। ਵੱਖ ਵੱਖ ਧਰਮਾਂ ਨੂੰ ਨਾਲ ਲੈ ਕੇ ਚੱਲ ਰਹੀ ਭਾਰਤ ਦੀ ਸੰਸਕ੍ਰਿਤੀ ਵਿੱਚ ਏਆਈ ਕਾਫੀ ਖਤਰਨਾਕ ਬਣ ਕੇ ਉਭਰ ਰਿਹਾ। ਆਏ ਦਿਨ ਖਬਰਾਂ ਅਜਿਹੀ ਸਾਹਮਣੇ ਆਉਂਦੀਆਂ ਨੇ ਅਜਿਹੀ ਫੇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀਆਂ ਜਾਂਦੀਆਂ ਨੇ, ਜਿਨਾਂ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਅਜਿਹਾ ਹੀ ਉਹਨੇ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਉਹ ਵੀ ਏਆਈ ਦੇ ਜਰੀਏ ਇੱਕ ਬਣਾਈ ਹੋਈ ਨਕਲੀ ਵੀਡੀਓ ਦੇ ਕਾਰਨ।
ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਇੱਕ ਕਥਿਤ AI (ਆਰਟੀਫਿਸ਼ਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨੱਚਦਾ ਹੋਇਆ ਦਿਖਾਇਆ ਗਿਆ ਹੈ, ਜਦਕਿ ਆਲੇ-ਦੁਆਲੇ ਮੌਜੂਦ ਕੁਝ ਲੋਕ ਤਾਲੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੇ ਦ੍ਰਿਸ਼ ਨੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ।
ਸਿੱਖ ਸੰਗਤ ਇਸ ਮਾਮਲੇ ਨੂੰ ਬੇਅਦਬੀ ਦਾ ਗੰਭੀਰ ਮਾਮਲਾ ਮੰਨ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੀਆਂ ਹਨ, ਸਗੋਂ ਸਮਾਜ ਵਿੱਚ ਅਸ਼ਾਂਤੀ ਦਾ ਮਾਹੌਲ ਵੀ ਪੈਦਾ ਕਰ ਸਕਦੀਆਂ ਹਨ।
SGPC ਦੇ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਣਾ ਬਹੁਤ ਹੀ ਦੁਖਦਾਈ ਹੈ ਅਤੇ ਇਹ ਸਿੱਖ ਧਰਮ ਦੀ ਮਰਯਾਦਾ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਇਸਦੇ ਪਿੱਛੇ ਜ਼ਿੰਮੇਵਾਰ ਪਾਇਆ ਜਾਵੇਗਾ, ਉਸ ਦੇ ਖਿਲਾਫ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।



