ਅਸ਼ੋਕ ਮਿੱਤਲ ਤੋਂ ਬਾਅਦ ਹੋਰ ਕੌਣ BJP ‘ਚ ? ਨਿਤਿਨ ਕੋਹਲੀ, ਵਨੀਤ ਧੀਰ ‘ਤੇ ਸਸਪੈਂਸ!

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਪੰਜਾਬ ਦੀ ਰਾਜਨੀਤੀ ‘ਚ ਹੋਈ ਹਲਚਲ ਤੋਂ ਬਾਅਦ ਕੀ ਜਲੰਧਰ ਦੀ ਸਿਆਸਤ ‘ਚ ਵੀ ਪਏਗਾ ਅਸਰ| ਜੀ ਹਾਂ ਬੀਤੇ ਦਿਨੀਂ ਆਪ ਦੇ ਸੱਤ ਸੰਸਦ ਮੈਂਬਰਾਂ ਜਿਨਾ ‘ਚ ਦੋ ਮੈਂਬਰ ਅਸ਼ੋਕ ਮਿੱਤਲ ਅਤੇ ਹਰਭਜਨ ਸਿੰਘ ਵਲੋਂ ਭਾਜਪਾ ਜੁਆਇਨ ਕਰਨ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕੀ ਜਲਦ ਹੀ ਜਲੰਧਰ ਦੀ ਸਿਆਸਤ ‘ਚ ਵੀ ਭੁਚਾਲ ਆ ਸਕਦਾ ਹੈ|

ਸਭ ਤੋਂ ਪਹਿਲਾਂ ਗੱਲ ਕਰੀਏ ਆਪ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਤਾਂ ਉਹਨਾਂ ਨੇ ਪਿਛਲੇ ਸਾਲ ਹੋਈ ਪੱਛਮੀ ਵਿਧਾਨ ਸਭਾ ਉਪ-ਚੋਣ ਅਤੇ ਨਗਰ ਨਿਗਮ ਚੋਣਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਕਈ ਹੋਰ ਆਗੂਆਂ ਨੂੰ ਪਾਸੇ ਕਰ ਅਸ਼ੋਕ ਮਿੱਤਲ ਦੇ ਦਖਲ ਨਾਲ ਹੀ ਨਵੇਂ ਹਲਕਾ ਇੰਚਾਰਜ ਅਤੇ ਮੇਅਰ ਨਿਯੁਕਤ ਕੀਤੇ ਗਏ ਸਨ।

ਉਹਨਾਂ ਦੇ ਹੁਣ ਭਾਜਪਾ ‘ਚ ਜਾਣ ਤੋਂ ਬਾਅਦ ਹੁਣ ਇੰਜ ਲਗਦਾ ਹੈ ਕੀ ਅਸ਼ੋਕ ਮਿੱਤਲ ਭਾਜਪਾ ਲਈ ਨਵਾਂ ਸ਼ਕਤੀ ਕੇਂਦਰ ਹੋਣਗੇ। ਭਾਜਪਾ ਵਿੱਚ ਉਨ੍ਹਾਂ ਦੀ ਮੌਜੂਦਗੀ ਜਲੰਧਰ ਦੇ ਲੋਕਲ ਹਲਕੇ ਪੱਛਮੀ, ਕੈਂਟ, ਕੇਂਦਰੀ ਅਤੇ ਉੱਤਰੀ ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਨਗਰ ਨਿਗਮ ਵਿੱਚ ਸਮੀਕਰਨਾਂ ਨੂੰ ਬਦਲ ਦੇਵੇਗੀ। ਇਸ ਬਦਲਾਵ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

ਅਸ਼ੋਕ ਮਿੱਤਲ ਨਾ ਸਿਰਫ਼ ਸੰਸਦ ਮੈਂਬਰ ਹਨ, ਸਗੋਂ ਪਾਰਟੀ ਦੇ ਸਭ ਤੋਂ ਵੱਡੇ ਫੰਡ ਮੈਨੇਜਰਾਂ ਅਤੇ ਉਦਯੋਗਿਕ ਘਰਾਣਿਆਂ ਵਿਚਕਾਰ ਇੱਕ ਪੁਲ ਦਾ ਕੰਮ ਵੀ ਕਰਦੇ ਹਨ। ਚਰਚਾ ਇਹ ਵੀ ਹੈ ਕਿ ਭਾਜਪਾ ਉਨ੍ਹਾਂ ਨੂੰ ਕੈਂਟ ਹਲਕੇ ਦੀ ਟਿਕਟ ਵੀ ਦੇ ਸਕਦੀ ਹੈ। ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸ਼ਹਿਰੀ ਕਾਰੋਬਾਰੀਆਂ ਅਤੇ ਮੱਧ ਵਰਗ ਵਿੱਚ ਪਾਰਟੀ ਦੀ ਭਰੋਸੇਯੋਗਤਾ ਵਧੇਗੀ। ਅਸ਼ੋਕ ਮਿੱਤਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ‘ਆਪ’ ਲਈ ਇੱਕ ਵੱਡਾ ਵਿੱਤੀ ਅਤੇ ਸੰਗਠਨਾਤਮਕ ਝਟਕਾ ਹੈ।

ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਈਡੀ ਦੇ ਉਨ੍ਹਾਂ ਦੇ ਦਫਤਰਾਂ ਅਤੇ ਰਿਹਾਇਸ਼ ‘ਤੇ ਛਾਪੇਮਾਰੀ ਤੋਂ ਸਿਰਫ਼ 12 ਦਿਨ ਪਹਿਲਾਂ, ‘ਆਪ’ ਨੇ ਮਿੱਤਲ ਨੂੰ ਰਾਜ ਸਭਾ ਵਿੱਚ ਆਪਣਾ ਡਿਪਟੀ ਲੀਡਰ ਨਿਯੁਕਤ ਕੀਤਾ ਸੀ। ਈਡੀ ਦੇ ਛਾਪਿਆਂ ਤੋਂ ਨੌਂ ਦਿਨ ਬਾਅਦ, ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਈਡੀ ਦੇ ਛਾਪਿਆਂ ਨੇ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਈ।

ਅਸ਼ੋਕ ਮਿੱਤਲ ਹਮੇਸ਼ਾ ਆਪ ਦੇ ਅੰਦਰ ਕਿੰਗਮੇਕਰ ਰਹੇ ਹਨ। ਭਾਵੇਂ ਇਹ ਵਿਨੀਤ ਧੀਰ ਨੂੰ ਮੇਅਰ ਬਣਾਉਣਾ ਹੋਵੇ ਜਾਂ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਹਟਾਉਣਾ ਅਤੇ ਕਾਰੋਬਾਰੀ ਨਿਤਿਨ ਕੋਹਲੀ ਨੂੰ ਹਲਕਾ ਇੰਚਾਰਜ ਨਿਯੁਕਤ ਕਰਨਾ ਹੋਵੇ, ਮਿੱਤਲ ਨੇ ਮੁੱਖ ਭੂਮਿਕਾ ਨਿਭਾਈ।

ਜੇ ਹੁਣ ਗੱਲ ਕਰੀਏ ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਹਰਭਜਨ ਸਿੰਘ ਭੱਜੀ ਦੀ ਤਾਂ ਭੱਜੀ ਨੂੰ ਇੱਕ ਕ੍ਰਿਕੇਟਰ ਹੋਣ ਦੇ ਬਾਵਜੂਦ ਪੀਸੀਏ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ| ਇਹੀ ਨਹੀਂ ਪੀਸੀਏ ਚ ਉਹਨਾਂ ਦੇ ਸਾਥੀਆਂ ਨੂੰ ਵੀ ਨਜ਼ਰ ਅੰਦਾਜ ਕੀਤਾ ਗਿਆ | ਇਸ ਕਰਕੇ ਇਹ ਵੀ ਲਗਦਾ ਹੈ ਭੱਜੀ ਇਸ ਤੋਂ ਨਾਖੁਸ਼ ਸਨ| ਚਰਚਾ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਬੀਸੀਸੀਆਈ ਵਿੱਚ ਇੱਕ ਮੁੱਖ ਭੂਮਿਕਾ ਦੇ ਸਕਦੀ ਹੈ।

ਇਸ ਤੋਂ ਇਲਾਵਾ ਭੱਜੀ ਦੇ ਸ਼ਾਮਲ ਹੋਣ ਨਾਲ ਭਾਜਪਾ ਨੂੰ ਇੱਕ ਸਿੱਖ ਚਿਹਰਾ ਅਤੇ ਨੌਜਵਾਨਾਂ ਨੇਤਾ ਮਿਲ ਗਿਆ ਹੈ । ਹਾਲਾਂਕਿ ਹਰਭਜਨ ਸਿੰਘ ਰਾਜਨੀਤੀ ‘ਚ ਇਹਨਾਂ ਸਰਗਰਮ ਨਹੀਂ ਨਜਰ ਆਏ ਪਰ ਦੋਨਾਂ ਦੀ ਜੋੜੀ ਆਉਣ ਵਾਲੇ ਸਮੇ ‘ਚ ਜਲੰਧਰ ਦੀ ਰਾਜਨੀਤੀ ‘ਚ ਜਰੂਰ ਪ੍ਰਭਾਵ ਪਾਏਗੀ |

Video ਦੇਖਣ ਲਈ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

error: Content is protected !!