ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਸ਼ਚਿਮ ਪੁਰੀ ਵਿੱਚ ਖੋਲਿਆ ਤੀਜਾ ਬਾਲਾ ਪ੍ਰੀਤਮ ਦਵਾਖਾਨਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਸ਼ਚਿਮ ਪੁਰੀ ਵਿੱਚ ਖੋਲਿਆ ਤੀਜਾ ਬਾਲਾ ਪ੍ਰੀਤਮ ਦਵਾਖਾਨਾ

10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਦੇ ਨਾਲ ਨਾਲ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 31 ਮਾਰਚ (ਵੀਓਪੀ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੀਜਾ ਬਾਲਾ ਪ੍ਰੀਤਮ ਦਵਾਖਾਨਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਕੇਟ 2-3, ਪਸ਼ਚਿਮ ਪੁਰੀ ਕਲੱਬ ਰੋਡ ਨਵੀਂ ਦਿੱਲੀ ਵਿਚ ਖੋਲ ਦਿੱਤਾ ਹੈ । ਅੱਜ ਇਸ ਦਾ ਰਸਮੀ ਉਦਘਾਟਨ ਇਲਾਕੇ ਦੀਆਂ ਦੋ ਬਜ਼ੁਰਗ ਬੀਬੀਆਂ ਵੱਲੋਂ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸੰਗਤਾਂ ਦੀਆਂ ਹਾਜ਼ਰੀਆਂ ਵਿਚ ਕੀਤਾ ਗਿਆ ।

ਇਸ ਮੌਕੇ ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਦਵਾਖਾਨੇ ਵਿਚ ਵੀ ਦੂਜੇ ਬਾਲਾ ਪ੍ਰੀਤਮ ਦਵਾਖਾਨਿਆਂ ਵਾਂਗ ਦਵਾਈਆਂ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਸਸਤੀਆਂ ਮਿਲਣਗੀਆਂ। ਉਹਨਾਂ ਨੇ ਮੌਕੇ ‘ਤੇ ਇਕ ਸ਼ੂਗਰ ਦੀ ਦਵਾਈ ਪੇਸ਼ ਕਰਦਿਆਂ ਦੱਸਿਆ ਕਿ ਇਸਦੀ ਕੀਮਤ ਬਜ਼ਾਰ ਵਿਚ 324 ਰੁਪਏ ਹੈ ਜਦਕਿ ਇਹ ਦਵਾਈ ਦਾ ਪੱਤਾ ਬਾਲਾ ਪ੍ਰੀਤਮ ਦਵਾਖਾਨੇ ਵਿਚ 90 ਫੀਸਫੀ ਸਸਤੀਆਂ ਦਰਾਂ ‘ਤੇ ਸਿਰਫ 35 ਰੁਪਏ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਸਸਤੀਆਂ ਮੈਡੀਕਲ ਸਹੂਲਤਾਂ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹਨ ਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਪਾਸੇ ਆਪਣੇ ਯਤਨ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜਿਥੇ ਇਸ ਤੋਂ ਪਹਿਲਾਂ ਦੋ ਦਵਾਖਾਨੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਖੋਲੇ ਜਾ ਰਹੇ ਹਨ, ਉਥੇ ਹੀ ਭਵਿੱਖ ਵਿਚ ਦਿੱਲੀ ਦੇ ਹਰ ਇਲਾਕੇ ਵਿਚ ਅਜਿਹੇ ਬਾਲਾ ਪ੍ਰੀਤਮ ਦਵਾਖਾਨੇ ਖੋਲਣ ਦੇ ਉਪਰਾਲੇ ਕੀਤੇ ਜਾਣਗੇ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਮੇਟੀ ਵੱਲੋਂ ਮੁਫਤ ਕਿਡਨੀ ਡਾਇਲਸਿਸ ਹਸਪਤਾਲ ਤੇ ਸਿਰਫ 50 ਰੁਪਏ ਵਿਚ ਐਮ ਆਰ ਆਈ, ਸੀ ਟੀ ਸਕੈਨ ਤੇ ਹੋਰ ਟੈਸਟਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਇਹਨਾਂ ਦਵਾਖਾਨਿਆਂ ਤੋਂ ਘਰ ਘਰ ਦਵਾਈ ਸਪਲਾਈ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤੇ ਇਸ ਵਾਸਤੇ ਇਲਾਕੇ ਦੇ ਨੌਜਵਾਨਾਂ ਨੁੰ ਇਥੇ ਰੋਜ਼ਗਾਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਲੋਕ ਮੋਬਾਈਲ ‘ਤੇ ਆਪਣੀ ਦਵਾਈ ਦੀ ਬੁਕਿੰਗ ਕਰਵਾ ਸਕਣਗੇ ਤੇ ਇਹ ਨੌਜਵਾਨ ਬੁਕਿੰਗ ਅਨੁਸਾਰ ਘਰ ਘਰ ਜਾ ਕੇ ਦਵਾਈਆਂ ਸਪਲਾਈ ਕਰਨਗੇ। ਉਹਨਾਂ ਕਿਹਾ ਕਿ ਜਿਹੜੀਆਂ ਲੜਕੀਆਂ ਇਹਨਾਂ ਦਵਾਖਾਨਿਆਂ ਵਿਚ ਕਾਉਂਟਰ ‘ਤੇ ਬੈਠਣ ਦੀ ਸੇਵਾ ਕਰ ਸਕਦੀਆਂ ਹਨ, ਉਹਨਾਂ ਨੁੰ ਉਸ ਅਨੁਸਾਰ ਰੋਜ਼ਗਾਰ ਮਿਲ ਸਕੇਗਾ। ਉਹਨਾਂ ਦੱਸਿਆ ਕਿ ਇਹਨਾਂ ਬਾਲਾ ਪ੍ਰੀਤਮ ਦਵਾਖਾਨਿਆਂ ਦੀ ਬਦੌਲਤ ਲੋਕਾਂ ਦੇ ਮਹੀਨਾਵਾਰ ਦਵਾਈਆਂ ਦੇ ਬਿੱਲ ਵਿਚ ਭਾਰੀ ਕਟੌਤੀ ਹੋ ਸਕੇਗੀ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ।

error: Content is protected !!