ਸ਼ਿਵ ਸੈਨਾ ਹਿੰਦ ਨੇਤਾ ਨਿਸ਼ਾਂਤ ਸ਼ਰਮਾ ਸਣੇ 36 ਵਿਰੁੱਧ ਦੇਸ਼ ਧ੍ਰੋਹ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ

ਮੋਹਾਲੀ (ਵੀਓਪੀ ਬਿਊਰੋ) ਖਰੜ ਪੁਲਿਸ ਨੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਸਣੇ 36 ਵਿਅਕਤੀਆਂ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ । ਇਹ ਕਾਰਵਾਈ ਇਕ ਵਾਇਰਲ ਵੀਡੀਓ ‘ਤੇ ਅਧਾਰ ਤੇ ਹੋਈ ਹੈ | ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਂਤ ਨੂੰ ਉਸ ਦੇ ਇੱਕ ਸਾਥੀ ਅਰਵਿਦ ਗੌਤਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ । ਦੂਜੇ ਪਾਸੇ, ਇਹ ਚਰਚਾ ਹੈ ਕਿ ਨਿਸ਼ਾਂਤ ਸ਼ਰਮਾ ਨੇ ਖੁਦ ਥਾਣੇ ਵਿਚ ਆਤਮ ਸਮਰਪਣ ਕੀਤਾ ਹੈ | ਦੋਵਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

ਜੋ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਉਹ ਜਲੰਧਰ ਦੇ ਵਿੱਚ ਉਕਤ ਸ਼ਿਵ ਸੈਨਾ ਨੇਤਾਵਾਂ ਵਲੋਂ ਕੀਤੀ ਗਈ ਪ੍ਰੈਸ ਵਾਰਤਾ ਤੇ ਉਸ ਤੋਂ ਪਹਿਲਾਂ ਕੀਤੀ ਗਈ ਮੀਟਿੰਗ ਦੀ ਹੈ | ਪੁਲਿਸ ਅਨੁਸਾਰ, ਇਸ ਵੀਡੀਓ ਵਿਚ ਸ਼ਿਵ ਸੈਨਾ ਹਿੰਦ ਦੇ ਮੁਖੀ ਨਿਸ਼ਾਂਤ ਸ਼ਰਮਾ ਆਪਣੇ ਹੋਰ ਸਾਥੀਆਂ ਨਾਲ ਮੀਟਿੰਗ ਕਰ ਰਹੇ ਸਨ । ਵੀਡੀਓ ਵਿਚ ਨਿਸ਼ਾਂਤ ਸ਼ਰਮਾ ਨੇ ਟਿੱਪਣੀਆਂ ਕਰਕੇ ਇਕ ਖ਼ਾਸ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ । ਪੁਲਿਸ ਅਨੁਸਾਰ, ਸ਼ਿਵ ਸੈਨਾ ਦੇ ਰਾਸ਼ਟਰੀ ਮੁਖੀ ਨਿਸ਼ਾਂਤ ਨੇ ਦੇਸ਼ ਵਿੱਚ ਇੱਕ ਧਾਰਮਿਕ ਭਾਈਚਾਰੇ ਵਿੱਚ ਦੰਗੇ, ਹਫੜਾ-ਦਫੜੀ ਭੜਕਾਉਣ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਹੌਲ ਖਰਾਬ ਕਰਨ ਲਈ ਆਈਪੀਸੀ ਦੀ ਧਾਰਾ 295 ਏ, 298, 153 ਏ, 13 ਬੀ, 505, 149, 124 ਏ ਅਤੇ 120 ਬੀ ਤਹਿਤ 36 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਨਿਸ਼ਾਂਤ ਸ਼ਰਮਾ ਤੋਂ ਇਲਾਵਾ ਸ਼ਿਵ ਸੈਨਾ ਯੂਥ ਦੇ ਰਾਸ਼ਟਰੀ ਪ੍ਰਧਾਨ ਈਸ਼ਾਨ ਸ਼ਰਮਾ, ਪੰਜਾਬ ਪ੍ਰਧਾਨ ਅਰਵਿਦ ਗੌਤਮ, ਰਾਸ਼ਟਰੀ ਚੇਅਰਮੈਨ ਭਾਰਤੀ ਅਰੋੜਾ, ਰਾਸ਼ਟਰੀ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ, ਰਾਸ਼ਟਰੀ ਜਨਰਲ ਸਕੱਤਰ ਰਾਹੁਲ ਦੁਆ, ਸ਼ਿਵ ਜੋਸ਼ੀ, ਹਰਕੀਰਤ ਖੁਰਾਣਾ, ਜਤਿੰਦਰ ਛਾਬੜਾ, ਦੀਪਕ ਛਾਬੜਾ, ਸੁੰਦਰ ਸ਼ਰਮਾ, ਅਰਜੁਨ ਗੁਪਤਾ, ਗੌਤਮ ਸ਼ਰਮਾ, ਅਜੈ ਸ਼ਰਮਾ, ਅਸ਼ੋਕ ਕੁਮਾਰ ਪਾਸੀ, ਜਗਸੀਰ ਸਿੰਘ, ਕੇਵਲ ਕ੍ਰਿਸ਼ਨ, ਸ਼ਿਵ ਦਰਸ਼ਨ ਢੀਂਗਰਾ, ਸੰਜੇ ਕੁਮਰਾਨ, ਕਾਲਾ ਪਾਂਡੀ, ਬੰਟੀ ਜੋਗੀ, ਸੋਨੂੰ ਰਾਣਾ, ਸੰਦੀਪ ਪਾਹਵਾ, ਜੋਗਿੰਦਰ ਪਾਲ, ਸੁਭਾਸ਼ ਮਹਾਜਨ, ਸੰਦੀਪ ਸ਼ਰਮਾ, ਸੋਨੂੰ ਸਿੰਘ, ਅਮਿਤ ਪੂਜਰ, ਅਸ਼ੋਕ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪੁਲਿਸ ਅਨੁਸਾਰ ਬਾਕੀ ਮੁਲਾਜ਼ਮ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ।

ਦੱਸ ਦੇਈਏ ਕਿ ਨਿਸ਼ਾਂਤ ਸ਼ਰਮਾ ਵਿਵਾਦਾਂ ਨਾਲ ਲੰਮਾ ਸਮਾਂ ਜੁੜਿਆ ਹੋਇਆ ਹੈ । ਕੁਝ ਸਾਲ ਪਹਿਲਾਂ, ਉਸਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਜਦੋਂ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਜਾ ਰਹੀ ਸੀ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ |

error: Content is protected !!