ਦੋ ਦਿਨ ਪਹਿਲਾਂ ਹੀ ਖਰੀਦੀ ਸੀ ਕਾਰ, ਸੀਟ ਕਵਰ ਪੁਆਉਣ ਗਏ 3 ਨੌਜਵਾਨਾਂ ਦੀ ਹੋਈ ਮੌਤ

ਦੋ ਦਿਨ ਪਹਿਲਾਂ ਖਰੀਦੀ ਸੀ ਕਾਰ, ਸੀਟ ਕਵਰ ਪੁਆਉਣ ਗਏ 3 ਨੌਜਵਾਨਾਂ ਦੀ ਹੋਈ ਮੌਤ

ਬਠਿੰਡਾ (ਵੀਓਪੀ ਬਿਉਰੋ) ਸ਼ੁੱਕਰਵਾਰ ਦੀ ਰਾਤ ਬਠਿੰਡਾ ਤੋਂ ਰਾਮਪੁਰਾ ਜਾ ਰਹੇ 4 ਨੌਜਵਾਨਾਂ ਦੀ ਕਾਰ ਪਿੰਡ ਭੈਣੀ ਦੇ ਨਜ਼ਦੀਕ ਇਕ ਦਰਖ਼ਤ ਨਾਲ ਟਕਰਾਅ ਗਈ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ ਤੇ ਹਸਪਤਾਲ ਜੇਰੇ ਇਲਾਜ ਹੈ।

ਹਾਦਸਾ ਇੰਨਾ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੇ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਛੇ ਵਜੇ ਦੇ ਕਰੀਬ ਸ਼ਹਿਰ ਵਾਸੀ ਪੁਸ਼ਪਿੰਦਰ ਸਿੰਘ 25 ਸਾਲਾ ਪੁੱਤਰ ਹਰਜੀਤ ਸਿੰਘ ਆਪਣੇ ਦੋਸਤਾਂ ਨਾਲ ਅਲਟੋ ਕਾਰ ‘ਚ ਸਵਾਰ ਹੋ ਕੇ ਬਠਿੰਡਾ ਤੋਂ ਰਾਮਪੁਰਾ ਫੂਲ ਵੱਲ ਆ ਰਿਹਾ ਸੀ।

ਪਿੰਡ ਭੈਣੀ ਸਥਿਤ ਗੁਰਦੁਆਰਾ ਗੁੰਮਟਸਰ ਸਾਹਿਬ ਦੇ ਨਜ਼ਦੀਕ ਪਹੁੰਚਣ ‘ਤੇ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਸਹਾਰਾ ਸਮਾਜਸੇਵਾ ਦੇ ਮੈਂਬਰਾਂ ਵੱਲੋਂ ਹਾਦਸਾਗ੍ਸਤ ਲੋਕਾਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਵੱਲੋਂ ਪੁਸ਼ਪਿੰਦਰ ਸਿੰਘ (26) ਪੁੱਤਰ ਹਰਜੀਤ ਸਿੰਘ ਵਾਸੀ ਰਾਮਪੁਰਾ ਫੂਲ, ਮੁਨੀਸ਼ ਕੁਮਾਰ (23) ਪੁੱਤਰ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ, ਜਗਵੀਰ ਸਿੰਘ (23) ਪੁੱਤਰ ਕਾਕਾ ਸਿੰਘ ਵਾਸੀ ਪਿੰਡ ਭੈਣੀ ਨੂੰ ਮਿ੍ਤਕ ਕਰਾਰ ਦੇ ਦਿੱਤਾ ਜਦੋਂਕਿ ਉਨ੍ਹਾਂ ਦੇ ਚੌਥੇ ਸਾਥੀ ਗੁਰਵਿੰਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ।

ਘਟਨਾ ਦੀ ਖ਼ਬਰ ਸੁਣਦੇ ਹੀ ਸ਼ਹਿਰ ‘ਚ ਸੋਗ ਦੀ ਲਹਿਰ ਦੌੜ ਗਈ। ਮਿ੍ਤਕ ਪੁਸ਼ਪਿੰਦਰ ਸਿੰਘ ਭੁੱਲਰ ਨੇ ਦੋ ਦਿਨ ਪਹਿਲਾਂ ਹੀ ਆਲਟੋ ਕਾਰ ਖ਼ਰੀਦੀ ਸੀ। ਸ਼ੁੱਕਰਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਕਾਰ ‘ਤੇ ਸੀਟ ਕਵਰ ਚੜਾਉਣ ਬਠਿੰਡਾ ਗਿਆ ਸੀ। ਬਠਿੰਡਾ ਤੋਂ ਵਾਪਸ ਆਉਂਦੇ ਸਮੇਂ ਆਪਣੇ ਭੈਣੀ ਵਾਸੀ ਦੋਸਤ ਜਗਵੀਰ ਸਿੰਘ ਨੂੰ ਉਤਾਰਨ ਲਈ ਉਹ ਪੂਹਲਾ ਦੇ ਰਸਤੇ ਵਾਪਸ ਆ ਰਹੇ ਸਨ। ਪਿੰਡ ਭੈਣੀ ਦੇ ਨਜ਼ਦੀਕ ਹੋਏ ਇਸ ਹਾਦਸੇ ‘ਚ ਤਿੰਨ ਘਰਾਂ ਦੇ ਚਿਰਾਗ ਬੁਝ ਗਏ।

Leave a Reply

Your email address will not be published. Required fields are marked *

error: Content is protected !!