ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ ਏਮਾ ਪ੍ਰਧਾਨ ਨਰਿੰਦਰ ਨੰਦਨ ਨੇ ਕੀਤਾ ਸਵਾਗਤ

ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ ਏਮਾ ਪ੍ਰਧਾਨ ਨਰਿੰਦਰ ਨੰਦਨ ਨੇ ਕੀਤਾ ਸਵਾਗਤ

ਪੰਜਾਬ ਪ੍ਰੈਸ ਕਲੱਬ, ਪੇਮਾ ਅਤੇ ਯੂਨਾਇਟਿਡ ਮੀਡੀਆ ਕਲੱਬ ਨੇ ਵੀ ਫੈਸਲੇ ਨੂੰ ਸਲਾਹਿਆ

ਜਲੰਧਰ ( ਵੀਓਪੀ ਬਿਊਰੋ)  – ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੀਵਿਊ ਮੀਟਿੰਗ ਵਿਚ ਪੰਜਾਬ ਦੇ ਪੀਲੇ ਕਾਰਡ ਵਾਲੇ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰ ਐਲਾਨਿਆ ਹੈ। ਸੀਐਮ ਨੇ ਕਿਹਾ ਕਿ ਜਿੱਥੇ ਡਾਕਟਰ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਲਈ ਕੋਰੋਨਾ ਨਾਲ ਲੜ ਰਹੇ ਹਨ ਉੱਥੇ ਹੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਪੱਤਰਕਾਰ ਵੀ ਲੋਕਾਂ ਤੱਕ ਹਰੇਕ ਜਾਣਕਾਰੀ ਪਹੁੰਚਾ ਰਹੇ ਹਨ।

ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਨੰਦਨ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਪਰ ਇਹ ਫੈਸਲਾ ਬਿਲਕੁੱਲ ਠੀਕ ਹੈ ਜਿਸ ਨਾਲ ਪੱਤਰਕਾਰਾਂ ਨੂੰ ਹੌਸਲਾ ਮਿਲੇਗਾ ਤੇ ਉਹ ਹੋਰ ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਤੱਕ ਹਰੇਕ ਜਾਣਕਾਰੀ ਪਹੁੰਚਾਉਂਦੇ ਰਹਿਣਗੇ।

ਸੂਬੇ ਦੀ ਸਰਕਾਰ ਤੋਂ ਸਾਡੀ ਮੰਗ ਵੀ ਸੀ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਫਰੰਟਲਾਈਨ ਵਰਕਰਾਂ ਐਲਾਨਿਆ ਜਾਏ – ਲਖਵਿੰਦਰ ਜੌਹਲ

ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਉੱਘੇ ਕਵੀ ਲਖਵਿੰਦਰ ਜੌਹਲ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਤੇ ਉਹਨਾਂ ਕਿਹਾ ਕਿ ਇਹ ਫੈਸਲਾ ਪੱਤਰਕਾਰਾਂ ਵਿਚ ਉਤਸ਼ਾਹ ਭਰੇਗਾ। ਉਹਨਾਂ ਕਿਹਾ ਕਿ ਸਾਡੀ ਇਹ ਸੂਬੇ ਦੀ ਸਰਕਾਰ ਤੋਂ ਇਹ ਮੰਗ ਵੀ ਸੀ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਫਰੰਟਲਾਈਨ ਵਰਕਰਾਂ ਐਲਾਨਿਆ ਜਾਏ |

ਕੈਪਟਨ ਸਾਹਿਬ ਨੂੰ ਇਕ ਸਾਲ ਬਾਅਦ ਪਤਾ ਲੱਗਾ ਕਿ ਮੀਡੀਆ ਫਰੰਟਲਾਈਨ ਵਰਕਰ ਹੈ – ਸੁਰਿੰਦਰ ਪਾਲ

ਪ੍ਰਿੰਟ ਐਂਡ ਇਲੈੱਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਇਕ ਸਾਲ ਬਾਅਦ ਪਤਾ ਲੱਗਾ ਕਿ ਮੀਡੀਆ ਫਰੰਟਲਾਈਨ ਵਰਕਰ ਹੈ | ਇਸ ਫੈਸਲੇ ਦਾ ਉਹ ਸਵਾਗਤ ਕਰਦੇ ਨੇ ਤੇ ਪੰਜਾਬ ਦੇ ਪੱਤਰਕਾਰ ਵੈਕਸੀਨ ਦਾ ਇੰਤਜ਼ਾਰ ਕਰਦੇ ਰਹੇ ਤੇ ਇਸ ਦੌਰਾਨ ਕਈ ਪੱਤਰਕਾਰ ਆਪਣੀ ਜਾਨ ਵੀ ਗਵਾ ਚੁੱਕੇ |

ਇਕੱਲੇ ਪੀਲੇ ਕਾਰਡ ਵਾਲੇ ਪੱਤਰਕਾਰ ਹੀ ਨਹੀਂ ਬਾਕੀ ਪੱਤਰਕਾਰ ਵੀ ਹੋਣ ਫਰੰਟਲਾਈਨ ਵਰਕਰ – ਯੂਨਾਈਟਿਡ ਮੀਡੀਆ ਕਲੱਬ

ਯੂਨਾਈਟਿਡ ਮੀਡੀਆ ਕਲੱਬ ਜਲੰਧਰ ਦੇ ਚੇਅਰਮੈਨ ਸੁਨੀਲ ਰੁਦਰਾ ਤੇ ਪ੍ਰਧਾਨ ਸੁਕਰਾਂਤ ਨੇ ਸਰਕਾਰ ਦੇ ਇਸ ਫੈਸਲਾ ਨੂੰ ਪੱਤਰਕਾਰਾਂ ਦਾ ਮਾਣ ਦੱਸਿਆ ਤੇ ਕਿਹਾ ਕਿ ਇਹ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਪਿਛਲੇ ਸਾਲ ਤੋਂ ਪੱਤਰਕਾਰ ਕੋਰੋਨਾ ਦੀ ਹਰੇਕ ਜਾਣਕਾਰੀ ਲੋਕਾਂ ਤੱਕ ਨਿਡਰ ਹੋ ਕੇ ਪਹੁੰਚਾ ਰਹੇ ਹਨ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਇਹ ਫੈਸਲਾ ਇਕੱਲੇ ਪੀਲੇ ਕਾਰਡ ਵਾਲੇ ਪੱਤਰਕਾਰਾਂ ਦੇ ਹੱਕ ਵਿਚ ਨਹੀਂ ਸਗੋਂ ਉਹਨਾਂ ਪੱਤਰਕਾਰਾਂ ਦੇ ਹੱਕ ਵਿਚ ਵੀ ਹੋਣਾ ਚਾਹੀਦਾ ਹੈ ਜੋ ਪੀਲੇ ਕਾਰਡ ਤੋਂ ਬਿਨ੍ਹਾਂ ਵੀ ਮੂਹਰੇ ਹੋ ਕੇ ਕੰਮ ਕਰ ਰਹੇ ਹਨ।

error: Content is protected !!