ਲਾੜੀ ਨੇ ਕਿਹਾ ਦੂਣੀ ਦਾ ਪਹਾੜਾ ਸੁਣਾ, ਲਾੜਾ ਨਹੀਂ ਸੁਣਾ ਸਕਿਆ ਤੇ ਖਾਲੀ ਹੱਥ ਮੁੜੀ ਬਰਾਤ

ਲਾੜੀ ਨੇ ਕਿਹਾ ਦੂਣੀ ਦਾ ਪਹਾੜਾ ਸੁਣਾ, ਲਾੜਾ ਨਹੀਂ ਸੁਣਾ ਸਕਿਆ ਤੇ ਖਾਲੀ ਹੱਥ ਮੁੜੀ ਬਰਾਤ

ਲਖਨਾਊ( ਵੀਓਪੀ ਬਿਊਰੋ) – ਅਸੀਂ ਆਮ ਹੀ ਕਈ ਘਟਨਾਵਾਂ ਹੱਸੋਹੀਣ ਸੁਣਦਾ ਹਾਂ ਪਰ ਜਿਹੜੀ ਖ਼ਬਰ ਅਸੀਂ ਤੁਹਾਨੂੰ ਅੱਜ ਸੁਣਾਉਣ ਜਾ ਰਹੇ ਹਾਂ ਉਹ ਬਹੁਤ ਹੀ ਹੱਸੋਹੀਣ ਤੇ ਹੈਰਾਨ ਕਰ ਦੇਣ ਵਾਲੀ ਹੈ। ਮੁੰਡੇ ਨੂੰ ਦੂਣੀ ਦਾ ਪਹਾੜਾ ਸੁਣਾਉਣਾ ਨਾ ਆਇਆ ਤਾਂ ਬਾਰਾਤ ਖਾਲੀ ਹੀ ਮੋੜ ਦਿੱਤੀ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਧਾਵਰ ਪਿੰਡ ਦੀ ਹੈ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਲੋਕ ਖੂਬ ਇਸ ਖ਼ਬਰ ਨੂੰ ਪੜ੍ਹ ਕੇ ਹੱਸ ਰਹੇ ਹਨ। ਪਰ ਇਹ ਮਾਮਲਾ ਗੰਭੀਰ ਤੇ ਸੋਚਣ ਲਈ ਮਜ਼ਬੂਰ ਵੀ ਕਰਦਾ ਹੈ।

ਸਿਹਰੇ ਬੰਨ੍ਹ ਕੇ ਆਏ ਨੌਜਵਾਨ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੂਣੀ ਦਾ ਪਹਾੜਾਂ ਉਹਦੇ ਲਈ ਕਿੰਨਾ ਜ਼ਰੂਰੀ ਹੈ ਤੇ ਇਹ ਪਹਾੜਾ ਉਹਦੀ ਜਿੰਦਗੀ ਲਈ ਪਹਾੜ ਬਣ ਸਕਦਾ ਹੈ। ਲਾੜਾ ਬੜੇ ਚਾਅ ਨਾਲ ਲਾੜੀ ਨੂੰ ਵਿਆਹੁਣ ਆਇਆ ਪਰ ਅੱਗੋਂ ਵਿਆਹ ਦੌਰਾਨ ਫੁੱਲ ਮਾਲਾਵਾਂ ਪਾਉਣ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਆਖਿਆ ਕਿ ਫੁੱਲ ਮਾਲਾਵਾਂ ਤਾਂ ਹੀ ਬਦਲੀਆਂ ਜਾਣਗੀਆਂ ਜੇ ਕਰ ਉਹ ਦੂਣੀ ਦਾ ਪਹਾੜਾ ਸੁਣਾਏਗਾ।

ਇਹ ਸੁਣਦਿਆਂ ਹੀ ਨੌਜਵਾਨ ਉੱਪਰ ਜਿਵੇਂ ਪਹਾੜ ਡਿੱਗ ਗਿਆ। ਉਹ ਪਹਾੜਾ ਸੁਣਾਉਣ ਵਿੱਚ ਨਾਕਾਮ ਰਿਹਾ ਤੇ ਆਖਰ ਨੂੰ ਲੜਕੀ ਦੇ ਪਰਿਵਾਰ ਨੇ ਵਿਆਹ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਮੁੰਡੇ ਦੀਆਂ ਸਦਰਾਂ ਮਿੱਟੀ ਵਿੱਚ ਰੁਲ ਗਈਆਂ ਤੇ ਉਹ ਬਾਰਾਤ ਲੈ ਕੇ ਖਾਲੀ ਹੱਥ ਹੀ ਵਾਪਸ ਪਰਤ ਗਿਆ।

ਪਨਵਾਰੀ ਥਾਣੇ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਰੱਖਿਆ ਗਿਆ ਸੀ, ਪਰ ਮੁੰਡੇ ਵਾਲਿਆਂ ਨੇ ਇਸ ਗੱਲ ਦਾ ਓਹਲਾ ਰੱਖਿਆ ਕਿ ਮੁੰਡਾ ਪੜ੍ਹਾਈ ਪੱਖੋਂ ਕੋਰਾ ਹੈ। ਕੁੜੀ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸ ਨੇ ਮੁੰਡੇ ਅੱਗੇ ਇਹ ਸ਼ਰਤ ਰੱਖ ਦਿੱਤੀ। ਪੁਲਿਸ ਨੇ ਇਸ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ, ਕਿਉਂਕਿ ਆਪਸੀ ਰਜ਼ਾਮੰਦੀ ਮਗਰੋਂ ਦੋਵਾਂ ਪਰਿਵਾਰਾਂ ਨੇ ਇੱਕ-ਦੂਜੇ ਵੱਲੋਂ ਦਿੱਤੇ ਤੋਹਫ਼ੇ ਤੇ ਗਹਿਣੇ ਮੋੜ ਦਿੱਤੇ।

Leave a Reply

Your email address will not be published. Required fields are marked *

error: Content is protected !!