ਜ਼ਿੰਦਾਦਿਲੀ ਦੀ ਮਿਸਾਲ ਦਿੰਦੇ ਹੋਏ ਜਲੰਧਰ ਦੇ ਹੋਟਲ ਰੀਜੈਂਟ ਪਾਰਕ ਅਤੇ ਇੰਪੀਰੀਅਲ ਮੈਨਰ ਦੇ ਮਾਲਕ ਦੇ ਰਹੇ ਕੋਰੋਨਾ ਦੇ ਮਰੀਜ਼ਾਂ ਤੇ ਪਰਿਵਾਰ ਨੂੰ ਫ੍ਰੀ ਖਾਣਾ

ਜ਼ਿੰਦਾਦਿਲੀ ਦੀ ਮਿਸਾਲ ਦਿੰਦੇ ਹੋਏ ਜਲੰਧਰ ਦੇ ਹੋਟਲ ਰੀਜੈਂਟ ਪਾਰਕ ਅਤੇ ਇੰਪੀਰੀਅਲ ਮੈਨਰ ਦੇ ਮਾਲਕ ਦੇ ਰਹੇ ਕੋਰੋਨਾ ਦੇ ਮਰੀਜ਼ਾਂ ਤੇ ਪਰਿਵਾਰਾਂ ਨੂੰ ਫ੍ਰੀ ਖਾਣਾ

ਜਲੰਧਰ (ਰਿਧੀ ਭੰਡਾਰੀ) – ਕੋਰੋਨਾ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਹੈ। ਇਸ ਦਰਮਿਆਨ ਕਈ ਲੋਕਾਂ ਦਾ ਰੁਜ਼ਗਾਰ ਵੀ ਖੁਸ ਗਿਆ ਹੈ ਪਰ ਇਸ ਸਾਰੇ ਵਰਤਾਰੇ ਦੇ ਦਰਮਿਆਨ ਕੁਝ ਲੋਕ ਅਜਿਹੇ ਹਨ ਜੋ ਲੋਕਾਂ ਦਾ ਫ਼ਿਕਰ ਕਰਦੇ ਹਨ ਤੇ ਜ਼ਿੰਦਾਦਿਲ ਹੋਣ ਦੀ ਉਦਾਹਰਨ ਨੂੰ ਸੱਚ ਸਾਬਤੇ ਕਰਦੇ ਹਨ। ਅੱਜ ਇਸ ਖ਼ਬਰ ਜ਼ਰੀਏ ਅਸੀਂ ਤੁਹਾਨੂੰ ਇਕ ਐਸੇ ਸਖ਼ਸ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਕੋਰੋਨਾ ਵਿਚ ਮਰੀਜ਼ਾਂ ਦੀ ਬਾਹ ਫੜ੍ਹ ਕੇ ਉਹਨਾਂ ਦੇ ਸਾਹ ਵਿਚ ਸਾਹ ਪਾਇਆ ਹੈ।

ਇਹ ਸਖ਼ਸ਼ ਜਲੰਧਰ ਦੇ ਰੈਜੈਂਟ ਪਾਰਕ ਹੋਟਲ ਅਤੇ ਇੰਪੀਰੀਅਲ ਮੈਨਰ ਹੋਟਲ ਦੇ ਸੀ ਈ ਓ ਜਸਦੀਪ ਸਿੰਘ ਠੁਕਰਾਲ ਹੈ | ਜਿਹਨਾਂ ਨੇ ਇਕ ਵਿਲੱਖਣ ਤੇ ਚੰਗੀ ਪਹਿਲ ਕੀਤੀ ਹੈ। ਜਿਸ ਵਿੱਚ ਉਹ ਕੋਰੋਨਾ ਦੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਖਾਣਾ ਦੇ ਰਹੇ ਹਨ। ਇਹ ਖਾਣਾ ਮਰੀਜ਼ਾਂ ਦੇ ਘਰਾਂ ਤੱਕ ਆਪ ਪਹੁੰਚਾਇਆ ਜਾਂਦਾ ਹੈ।

ਜਸਦੀਪ ਸਿੰਘ ਠੁਕਰਾਲ ਨੇ ਘਰਾਂ ਵਿਚ ਖਾਣਾ ਮੰਗਵਾਉਣ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ ਓਹਨਾਂ ਨੂੰ ਮੁਫ਼ਤ ਵਿਚ ਖਾਣਾ ਮਿਲੇਗਾ ਤੇ ਪੂਰੀ ਸਾਫ਼-ਸਫ਼ਾਈ ਦਾ ਧਿਆਨ ਵੀ ਰੱਖਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕੱਲ ਹੀ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਇਕ ਦਿਨ ਵਿਚ 100 ਤੋਂ ਵੱਧ ਲੋਕਾਂ ਨੂੰ ਖਾਣਾ ਪਹੁੰਚਾਇਆ।

ਉਹਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਕੋਰੋਨਾ ਨਾਲ ਪੀੜਤ ਵਿਅਕਤੀ ਨੂੰ ਖਾਣੇ ਦੀ ਜ਼ਰੂਰਤ ਹੈ ਤਾਂ ਉਹ ਆਪਣੀ ਪੂਰੀ ਡੀਟੇਲ ਜਿਸ ਵਿਚ ਨਾਮ, ਪਤਾ ਅਤੇ ਪਰਿਵਾਰ ਦੇ ਕਿੰਨੇ ਬੰਦਿਆਂ ਲਈ ਖਾਣਾ ਭੇਜਣਾ ਹੈ ਤੇ ਉਸਦੇ ਨਾਲ ਕੋਰੋਨਾ ਪੌਜ਼ੀਟਿਵ ਰਿਪੋਰਟ ਵੀ ਭੇਜਣੀ ਹੋਵੇਗੀ| ਹਰ ਲੋੜਮੰਦ ਵਿਅਕਤੀ ਉਹਨਾਂ ਦੇ ਵੱਟਸਐਪ ਨੰਬਰ (9357710055) ਉਪਰ ਮੈਸੇਜ ਭੇਜ ਕੇ ਖਾਣੇ ਦੀ ਮੰਗ ਕਰ ਸਕਦਾ ਹੈ|

ਉਹਨਾਂ ਦੱਸਿਆ ਕਿ ਯਾਦ ਰਹੇ ਸਿਰਫ਼ ਇਕੱਲੇ ਕੋਰੋਨਾ ਮਰੀਜ਼ ਲਈ ਹੀ ਖਾਣਾ ਨਹੀਂ ਆਵੇਗਾ ਸਗੋਂ ਉਹਨਾਂ ਦੇ ਘਰ ਦਿਆਂ ਲਈ ਵੀ ਨਾਲ ਹੀ ਭੇਜਿਆ ਜਾਵੇਗਾ। ਆਖਰ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਜਸਦੀਪ ਸਿੰਘ ਠੁਕਰਾਲ ਨੇ ਕਿਹਾ ਕਿ ਜਦੋਂ ਤੱਕ ਉਸ ਦੀ ਕਿਰਪਾ ਰਹੇਗੀ ਇਹ ਸੇਵਾ ਇੰਝ ਹੀ ਜਾਰੀ ਰਹਿਣ ਵਾਲੀ ਹੈ।

error: Content is protected !!