ਪੰਜਾਬ ਦੇ ਇਹ ਗੁਰੂਘਰ ਲਾਉਣਗੇ ਆਕਸੀਜਨ ਦਾ ਲੰਗਰ

ਪੰਜਾਬ ਦੇ ਇਹ ਗੁਰੂਘਰ ਲਾਉਣਗੇ ਆਕਸੀਜਨ ਦਾ ਲੰਗਰ

ਲੁਧਿਆਣਾ(ਵੀਓਪੀ ਬਿਊਰੋ) ਕੋਰੋਨਾ ਮਹਾਮਾਰੀ ਵਿਚਾਲੇ ਵੱਖ-ਵੱਖ ਸੂਬਿਆਂ ’ਚ ਆਕਸੀਜਨ ਦੀ ਕਮੀ ਨਾਲ ਲੋਕਾਂ ਦੇ ਸਾਹ ਫੁੱਲ ਰਹੇ ਹਨ। ਕਈ ਲੋਕ ਤਾਂ ਆਕਸੀਜਨ ਨਾ ਮਿਲਣ ਕਾਰਨ ਪਰਲੋਕ ਵੀ ਸਿਧਾਰ ਚੁੱਕੇ ਹਨ। ਪੰਜਾਬ ’ਚ ਹਾਲੇ ਅਜਿਹੀ ਸਥਿਤੀ ਨਹੀਂ ਹੈ ਪਰ ਜਿਸ ਤਰ੍ਹਾਂ ਮਰੀਜ਼ ਵੱਧ ਰਹੇ ਹਨ, ਉਹ ਡਰਾਉਣ ਵਾਲੀ ਹੈ। ਆਕਸੀਜਨ ਨਾ ਮਿਲਣ ਨਾਲ ਸੂਬੇ ’ਚ ਕਿਸੇ ਦੀ ਜਾਨ ਨਾ ਜਾਵੇ, ਇਸ ਲਈ ਗੁਰੂ ਘਰਾਂ ’ਚ ਕੋਰੋਨਾ ਮਰੀਜ਼ਾਂ ਲਈ ‘ਸੰਜੀਵਨੀ’ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਬੇ ਦੇ ਚਾਰ ਗੁਰਦੁਆਰਿਆਂ ’ਚ ਆਕਸੀਜਨ ਦਾ ਲੰਗਰ ਸ਼ੁਰੂ ਕਰਨ ਜਾ ਰਹੀ ਹੈ। ਆਕਸੀਜਨ ਲੰਗਰ ਦੀ ਸ਼ੁਰੂਆਤ ਬੁੱਧਵਾਰ ਯਾਨੀ ਪੰਜ ਮਈ ਨੂੰ ਲੁਧਿਆਣੇ ਦੇ ਆਲਮਗੀਰ ਸਾਹਿਬ ਗੁਰਦੁਆਰੇ ਤੋਂ ਹੋਣੀ ਸੀ ਪਰ ਆਕਸੀਜਨ ਕੰਸਟ੍ਰੇਟਰ ਨਾ ਪੁੱਜਣ ਕਾਰਨ ਲੰਗਰ ਸ਼ੁਰੂ ਨਹੀਂ ਹੋ ਸਕਿਆ। ਐੱਸਜੀਪੀਸੀ ਨੇ ਆਲਮਗੀਰ ਗੁਰਦੁਆਰੇ ਦੇ ਦੀਵਾਨ ਹਾਲ ’ਚ ਬੈੱਡ ਤੇ ਹੋਰ ਸਾਰੀਆਂ ਸਹੂਲਤਾਂ ਇਕੱਠੀਆਂ ਕੀਤੀਆਂ ਹਨ। ਉਮੀਦ ਹੈ ਕਿ ਅਗਲੇ ਕੁਝ ਦਿਨਾਂ ’ਚ ਆਕਸੀਜਨ ਕੰਸਟ੍ਰੇਟਰ ਪਹੁੰਚਦੇ ਹੀ ਲੰਗਰ ਸ਼ੁਰੂ ਕਰ ਦਿੱਤਾ ਜਾਵੇਗਾ। ਲੁਧਿਆਣੇ ਤੋਂ ਇਲਾਵਾ ਦਮਦਮਾ ਸਾਹਿਬ ਤਲਵੰਡੀ ਸਾਬੋ, ਭੁਲੱਥ ਦੇ ਇਕ ਗੁਰਦੁਆਰੇ ਤੇ ਪਟਿਆਲੇ ਦੇ ਮੋਤੀ ਬਾਗ ਸਥਿਤ ਗੁਰਦੁਆਰੇ ’ਚ ਵੀ ਲੰਗਰ ਮਈ ਦੇ ਅੰਤ ਤਕ ਸ਼ੁਰੂ ਕਰ ਦਿੱਤੇ ਜਾਣਗੇ।

ਐੱਸਜੀਪੀਸੀ ਦੇ ਆਦੇਸ਼ ’ਤੇ ਆਲਮਗੀਰ ਸਾਹਿਬ ਦੇ ਮੈਨੇਜਰਾਂ ਨੇ ਦੀਵਾਨ ਹਾਲ ’ਚ 25 ਬੈੱਡ ਲਾ ਦਿੱਤੇ ਹਨ ਤੇ ਆਕਸੀਜਨ ਕੰਸਟ੍ਰੇਟਰਾਂ ਲਈ ਬਿਜਲੀ ਦੇ ਸਵਿਚ ਤੇ ਹੋ ਸਾਰੀਆਂ ਸਹੂਲਤਾਂ ਲਾ ਲਈਆਂ ਹਨ। ਬੁੱਧਵਾਰ ਨੂੰ ਪੰਜਾਬ ਦਾ ਪਹਿਲਾ ਆਕਸੀਜਨ ਲੰਗਰ ਇੱਥੋਂ ਸ਼ੁਰੂ ਹੋਣਾ ਸੀ ਤੇ ਇਸ ਦਾ ਉਦਘਾਟਨ ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰਨਾ ਸੀ। ਪਰ ਰੂਸ ਤੋਂ ਮੰਗਵਾਏ ਗਏ ਆਕਸੀਜਨ ਕੰਸਟ੍ਰੇਟਰਾਂ ਲਈ ਕਸਟਮ ਤੋਂ ਕਲੀਅਰੈਂਸ ਨਾ ਮਿਲਣ ਕਾਰਨ ਕੰਸਟ੍ਰੇਟਰ ਲੁਧਿਆਣੇ ਨਹੀਂ ਪਹੁੰਚ ਸਕੇ ਜਿਸ ਕਾਰਨ ਇਹ ਲੰਗਰ ਸ਼ੁਰੂ ਨਹੀਂ ਹੋ ਸਕਿਆ।

ਹਾਲਾਂਕਿ ਦੇਰ ਸ਼ਾਮ ਕਸਟਮ ਵਿਭਾਗ ਨੇ ਐੱਸਜੀਪੀਸੀ ਦੇ ਨੁਮਾਇੰਦਿਆਂ ਨਾਲ ਆਕਸੀਜਨ ਕੰਸਟ੍ਰੇਟਰਾਂ ਬਾਰੇ ਸੰਪਰਕ ਕੀਤਾ ਤਾਂ ਉਮੀਦ ਹੈ ਕਿ ਇਕ-ਦੋ ਦਿਨਾਂ ’ਚ ਇਹ ਕੰਸਟ੍ਰੇਟਰ ਇੱਥੇ ਪਹੁੰਚ ਜਾਣਗੇ। ਐੱਸਜੀਪੀਸੀ ਨੇ ਪਹਿਲੇ ਫੇਜ਼ ’ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੰਜ ਸੌ ਦੇ ਕਰੀਬ ਕੰਸਟ੍ਰੇਟਰ ਮੰਗਵਾਏ ਹਨ। ਇਹ ਸਾਰੇ ਮਈ ਦੇ ਅੰਤ ਤਕ ਮਿਲ ਜਾਣਗੇ ਤੇ ਉਦੋਂ ਚਾਰੇ ਗੁਰਦੁਆਰਿਆਂ ’ਚ ਲੰਗਰ ਸ਼ੁਰੂ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜਿਨ੍ਹਾਂ ਜ਼ਿਲ੍ਹਿਆਂ ’ਚ ਆਕਸੀਜਨ ਦੀ ਲੋਡ਼ ਹੋਈ ਉਨ੍ਹਾਂ ਜ਼ਿਲ੍ਹਿਆਂ ’ਚ ਆਕਸੀਜਨ ਦੇ ਲੰਗਰ ਲਾਏ ਜਾਣਗੇ।

Leave a Reply

Your email address will not be published. Required fields are marked *

error: Content is protected !!