ਜਲੰਧਰ ਦੇ ਪਿਮਸ ਹਸਪਤਾਲ ‘ਚ 20 ਦਿਨਾਂ ਦੇ ਬੱਚੇ ਨੇ ਕੋਰੋਨਾ ਨੂੰ ਦਿੱਤੀ ਮਾਤ
ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਦੀ ਤੀਸਰੀ ਲਹਿਰ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਦੇ ਮੱਦੇਨਜ਼ਰ ਪੰਜਾਬ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ (ਪਿਮਸ) ਨੇ ਹੁਣ ਤੋਂ ਹੀ ਕਮਰ ਕਸ ਲਈ ਹੈ। ਪਿਮਸ ਨੇ 28 ਅਪ੍ਰਰੈਲ ਨੂੰ 20 ਦਿਨ ਦੇ ਸੁਖਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਪੂਰਥਲਾ ਨੂੰ ਕੋਰੋਨਾ ਮਹਾਮਾਰੀ ਤੋਂ ਬਚਾ ਕੇ ਕੰਮ ਅਤੇ ਲਗਨ ਦੀ ਮਸਾਲ ਪੇਸ਼ ਕੀਤੀ ਹੈ। 20 ਦਿਨ ਦੇ ਨਵਜਾਤ ਬੱਚੇ ਨੂੰ ਬੁਖ਼ਾਰ ਸੀ, ਬਾਰ-ਬਾਰ ਦੌਰਾ ਪੈ ਰਿਹਾ ਸੀ ਅਤੇ ਸੁਸਤ ਵੀ ਸੀ।
ਜਦੋਂ ਬੱਚੇ ਨੂੰ ਪਿਮਸ ਲਿਆੰਦਾ ਗਿਆ ਉਦੋਂ ਪਿਮਸ ਵਿਚ ਬੱਚਿਆ ਦੇ ਲਈ ਕੋਵਿਡ ਕੇਅਰ ਸੈਂਟਰ ਨਹੀਂ ਸੀ। ਬਾਵਜੂਦ ਇਸਦੇ ਪਿਮਸ ਦੇ ਮਿਹਨਤੀ ਡਾਕਟਰਾਂ ਅਤੇ ਸਟਾਫ ਨੇ ਬੱਚੇ ਨੂੰ ਕੋਵਿਡ ਕੇਅਰ ਯੁਨਿਟ ਭਰਤੀ ਕਰਵਾਕੇ ਬੱਚੇ ਦਾ ਦਿਲੀ ਉਪਚਾਰ ਕੀਤਾ। ਸ਼ੁੱਕਰਵਾਰ ਨੂੰ ਬੱਚੇ ਨੂੰ ਪਿਮਸ ਤੋਂ ਛੁੱਟੀ ਦੇ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਪਿਮਸ ਦੇ ਬੱਚਿਆਂ ਦੇ ਮਾਹਿਰ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਜਦੋਂ ਪਿਮਸ ਲਿਆਂਦਾ ਗਿਆ ਉਦੋਂ ਉਸਨੂੰ ਤੇਜ਼ ਬੁਖ਼ਾਰ ਸੀ, ਵਾਰ-ਵਾਰ ਦੌਰੇ ਪੈ ਰਹੇ ਸੀ। ਸਭ ਤੋਂ ਪਹਿਲਾ ਬੱਚੇ ਦਾ ਐਕਸ-ਰੇ ਕੀਤਾ ਗਿਆ ਤੇ ਪਤਾ ਲਗਾ ਕਿ ਬੱਚੇ ਨੂੰ ਨਿਮੋਨਿਆ ਵੀ ਹੈ ਅਤੇ ਸਾਹ ਵੀ ਠੀਕ ਤਰ੍ਹਾਂ ਨਾਲ ਨਹੀਂ ਲੈ ਰਿਹਾ। ਇਸ ਤੋਂ ਬਾਅਦ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ। ਤਿੰਨ ਦਿਨ ਤਕ ਬੱਚੇ ਨੂੰ ਸੀ-ਪੇਪ ਤੇ ਰੱਖਿਆ ਅਤੇ ਦੋ ਦਿਨ ਆਕਸੀਜਨ ਦੇ ਸਹਾਰੇ ਰਿਹਾ।
ਲਗਪਗ 10 ਦਿਨ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਪਿਮਸ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇਕਰ ਮਾਂ ਜਾਂ ਉਸ ਦਾ ਬੱਚਾ ਕੋਰੋਨਾ ਪਾਜ਼ੇਟਿਵ ਹੈ ਤਾਂ ਮਾਂ ਆਪਣਾ ਦੁੱਧ ਬੱਚੇ ਨੂੰ ਪਿਲਾ ਸਕਦੀ ਹੈ। ਮਾਂ ਦੁੱਧ ਪਿਲਾਉਣ ਤੋਂ ਪਹਿਲਾਂ ਐਨ 95 ਮਾਸਕ ਅਤੇ ਦਸਤਾਨੇ ਪਾ ਕੇ ਰੱਖੇ। ਪਿਮਸ ਦੇ ਰੈਜਿਡੈਂਟ ਡਾਇਰੈਕਟਰ ਅਮਿਤ ਸਿੰਘ ਨੇ ਕਿਹਾ ਕਿ ਡਾਕਟਰਾਂ ਦੇ ਕੰਮ ਕਰਨ ਦੀ ਲਗਨ ਨਾਲ ਹੀ ਅੱਜ ਬੱਚਾ ਮਾਂ-ਬਾਪ ਦੀ ਝੋਲੀ ਵਿਚ ਖੇਡ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿਚ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ। ਇਸ ਮਹਾਮਾਰੀ ਨੇ ਹੁਣ ਬੱਚਿਆ ਨੂੰ ਅਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹੁਣ ਆਪਣੇ ਨਾਲ ਬੱਚਿਆਂ ਦਾ ਵੀ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਪਿਮਸ ਦੇ ਡਾਕਟਰਾਂ ਨੇ ਜਿਸ ਤਰ੍ਹਾਂ ਇਸ ਬੱਚੇ ਦੀ ਜਾਨ ਬਚਾਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।
ਪਿਮਸ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਕਿਹਾ ਕਿ ਕੋਰੋਨਾ ਨਾਲ ਸਾਨੂੰ ਸਾਰਿਆਂ ਨੂੰ ਇਕੱਠੇ ਲੜਨਾ ਹੋਵੇਗਾ। ਕੋਰੋਨਾ ਨੂੰ ਤਾਂ ਹੀ ਹਰਾਇਆ ਜਾ ਸਕਦਾ ਹੈ ਜਦੋਂ ਸਾਰੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਾਂਗੇ। ਪਿਮਸ ਦੇ ਡਾਕਟਰਾਂ ਦੀ ਇਸ ਵੱਡੀ ਜਿੱਤ ਨੂੰ ਦੇਖਦੇ ਹੋਏ ਸਾਰਿਆ ਨੂੰ ਕੋੋਰੋਨਾ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।