ਕੋਰੋਨਾ ਕਰਕੇ ਨਹੀਂ ਜਾ ਸਕਣਗੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ, ਸਰਕਾਰ ਨੇ ਐਂਟਰੀ ਕੀਤੀ ਬੰਦ

ਕੋਰੋਨਾ ਕਰਕੇ ਨਹੀਂ ਜਾ ਸਕਣਗੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ, ਸਰਕਾਰ ਨੇ ਐਂਟਰੀ ਕੀਤੀ ਬੰਦ

ਮੈਲਬਰਨ (ਵੀਓਪੀ ਬਿਊਰੋ) –ਭਾਰਤ ਵਿਚ ਕੋਰੋਨਾ ਦਾ ਕਹਿਰ ਹੁਣ ਦੁਨੀਆਂ ਦੇ ਮੁਕਾਬਲੇ ਜ਼ਿਆਦਾ ਵੱਧ ਗਿਆ ਹੈ। ਇਸ ਲਈ ਹਰ ਆਏ ਦਿਨ ਕੋਈ ਨਾ ਕੋਈ ਦੇਸ਼ ਆਪਣੇ ਨਾਗਰਿਕਾਂ ਨੂੰ ਭਾਰਤ ਆਉਣ ਲਈ ਮਨ੍ਹਾ ਕਰ ਰਿਹਾ ਹੈ। ਹੁਣ ਇਕ ਹੋਰ ਦੇਸ਼ ਨੇ ਕੋਰੋਨਾ ਦਾ ਕਹਿਰ ਦੇਖਦੇ ਹੋਏ ਭਾਰਤੀਆਂ ਦੀ ਐਂਟਰੀ ਨੂੰ ਰੋਕ ਦਿੱਤਾ ਹੈ।

ਕੋਰੋਨਾ ਦੇ ਕਹਿਰ ਵਿੱਚ ਆਸਟਰੇਲੀਆ ਜਾਣ ਦਾ ਚਾਹਵਾਨਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀਆਂ ਸਰਹੱਦਾਂ ਬਾਕੀ ਦੁਨੀਆ ਲਈ ਅਜੇ ਬੰਦ ਹੀ ਰਹਿਣਗੀਆਂ। ਇਸ ਨਾਲ ਆਸਟਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਹੈ।

ਦੱਸ ਦਈਏ ਕਿ ਆਸਟਰੇਲੀਆ ਨੇ ਮਹਾਮਾਰੀ ਦੇ ਮੱਦੇਨਜ਼ਰ ਮੁਲਕ ਦੇ ਬਾਰਡਰ ਅਣਮਿੱਥੇ ਸਮੇਂ ਲਈ ਬੰਦ ਕੀਤੇ ਹੋਏ ਹਨ। ਸਿਰਫ਼ ਨਾਗਰਿਕਾਂ ਤੇ ਪੱਕੀ ਰਿਹਾਇਸ਼ ਵਾਲਿਆਂ ਨੂੰ ਹੀ ਮੁਲਕ ਵਿੱਚ ਸਖ਼ਤ ਸ਼ਰਤਾਂ ਤਹਿਤ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਇਸ ਲਈ ਆਸਟਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀ ਨਿਰਾਸ਼ ਹਨ।

ਇਸ ਸਭ ਕਾਸੇ ਦਾ ਅਸਰ ਭਾਰਤੀ ਵਿਦਿਆਰਥੀਆਂ ਉੱਪਰ ਵੱਧ ਪਿਆ ਹੈ। ਭਾਰਤ ਵਿੱਚ ਲਗਾਤਾਰ ਦੂਜੇ ਸਾਲ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਸ ਲਈ ਕਈ ਦੇਸ਼ਾਂ ਨੇ ਭਾਰਤੀ ਉਡਾਣਾਂ ਉੱਪਰ ਪਾਬੰਦੀ ਲਾਈ ਹੋਈ ਹੈ। ਆਸਟਰੇਲੀਆ ਨੇ ਵੀ 27 ਅਪਰੈਲ ਨੂੰ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਬੰਦ ਕਰ ਦਿੱਤੀਆਂ ਸੀ ਪਰ ਹੁਣ 15 ਮਈ ਤੋਂ ਚਾਰਟਰਡ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।

ਆਸਟਰੇਲੀਆ ਜਾਣ ਦੇ ਚਾਹਵਾਨਾਂ ਨੂੰ ਉਮੀਦ ਸੀ ਕਿ ਸ਼ਾਇਦ ਹਾਲਾਤ ਸੁਧਰਣ ਮਗਰੋਂ ਪਾਬੰਦੀ ਹਟ ਜਾਵੇ ਪਰ ਮੌਰੀਸਨ ਨੇ ਕਿਹਾ ਹੈ ਕਿ ਇਹ ਹਾਲੇ ਸਪੱਸ਼ਟ ਨਹੀਂ ਕਿ ਟੀਕਾਕਰਨ ਮੁਕੰਮਲ ਹੋਣ ਮਗਰੋਂ ਵੀ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹੀਆਂ ਜਾ ਸਕਣਗੀਆਂ ਜਾਂ ਨਹੀਂ। ਇਸ ਤੋਂ ਸਪਸ਼ਟ ਹੈ ਕਿ ਆਸਟਰੇਲੀਆ ਜਾਣ ਦੇ ਚਾਹਵਾਨਾਂ ਨੂੰ ਅਜੇ ਲੰਬੀ ਉਡੀਕ ਕਰਨੀ ਪਏਗੀ।

error: Content is protected !!