ਕੇਂਦਰ ਸਰਕਾਰ ਵਲੋਂ ਸਾਹ ਦੇਣ ਲਈ ਭੇਜੇ ਵੈਂਟੀਲੇਟਰ ਆਪ ਹੀ ਨਹੀਂ ਲੈ ਰਹੇ ਸਾਹ

ਕੇਂਦਰ ਸਰਕਾਰ ਵਲੋਂ ਸਾਹ ਦੇਣ ਲਈ ਭੇਜੇ ਵੈਂਟੀਲੇਟਰ ਆਪ ਹੀ ਨਹੀਂ ਲੈ ਰਹੇ ਸਾਹ

ਫਰੀਦਕੋਟ ( ਵੀਓਪੀ ਬਿਊਰੋ) – ਕੋਰੋਨਾ ਕਾਲ ‘ਚ ਵੈਂਟੀਲੇਟਰ ਗੰਭੀਰ ਮਰੀਜਾਂ ਦੀ ਜ਼ਿੰਦਗੀ ਬਚਾਉਣ ਦਾ ਆਖਰੀ ਸਹਾਰਾ ਨੇ ਪਰ ਕੇਂਦਰ ਵੱਲੋਂ ਪੰਜਾਬ ਨੂੰ ਭੇਜੇ ਬਹੁਤੇ ਵੈਂਟੀਲੇਟਰ ਮਰੀਜਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਕੰਮ ਹੀ ਨਹੀਂ ਆ ਰਹੇ। ਕੇਂਦਰ ਵੱਲੋਂ ਪੀਐੱਮ ਕੇਅਰ ਫੰਡ ‘ਚੋਂ ਪੰਜਾਬ ਲਈ 809 ਵੈਂਟੀਲੇਟਰ ਭੇਜੇ ਗਏ ਨੇ ਪਰ ਇਹਨਾਂ ‘ਚੋਂ ਸਿਰਫ਼ 558 ਵੈਂਟੀਲੇਟਰ ਦਾ ਹੀ ਇਸਤੇਮਾਲ ਹੋ ਰਿਹਾ ਹੈ। 251 ਵੈਂਟੀਲੇਟਰ ਖਾਲੀ ਪਏ ਨੇ ਜੋ ਕਿਸੇ ਵੀ ਕੰਮ ਨਹੀਂ ਆ ਰਹੇ, ਇਸ ਮੁਸ਼ਕਿਲ ਵਕਤ ‘ਚ ਵੈਂਟੀਲੇਟਰ ਦੀ ਇਸ ਤਰ੍ਹਾਂ ਹੋ ਰਹੀ ਬਰਬਾਦੀ ‘ਤੇ ਕੇਂਦਰ ਸਰਕਾਰ ਨੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

ਕੇਂਦਰ ਦੀ ਸਵਾਲਾਂ ਭਰੀ ਚਿੱਠੀ ਆਈ ਤਾਂ ਪੰਜਾਬ ਸਰਕਾਰ ਨੇ ਆਪਣੀ ਜਵਾਬੀ ਚਿੱਠੀ ‘ਚ ਕੇਂਦਰ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਨੇ। ਇੱਕ ਮਈ ਨੂੰ ਲਿਖੇ ਪੱਤਰ ‘ਚ ਪੰਜਾਬ ਸਰਕਾਰ ਨੇ ਲਿਖਿਆ ਕਿ ਸਾਨੂੰ 809 ਵੈਂਟੀਲੇਟਰ ਤਾਂ ਮਿਲੇ ਪਰ ਇਹਨਾਂ ‘ਚੋਂ ਜ਼ਿਆਦਾਤਰ ਖਰਾਬ ਹਨ। ਉਹਨਾਂ ਦੀ ਮੁਰੰਮਤ ਕਰਵਾਉਣ ਲਈ ਵੀ ਕਿਹਾ ਸੀ ਪਰ ਅਜੇ ਤੱਕ ਉਹ ਠੀਕ ਨਹੀਂ ਹੋਏ ਤੇ ਕਈ ਇੰਸਟਾਲ ਹੀ ਨਹੀਂ ਕੀਤੇ ਗਏ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜੇ ਤੁਸੀਂ ਖਰਾਬ ਵੈਂਟੀਲੇਟਰ ਨੂੰ ਠੀਕ ਕਰਵਾ ਦਿਓ ਅਤੇ ਜੋ ਇੰਸਟਾਲ ਨਹੀਂ ਹੋਏ ਉਹਨਾਂ ਨੂੰ ਇੰਸਟਾਲ ਕਰਵਾ ਦਿਓ।”

ਇੱਕ ਪਾਸੇ ਕੋਰੋਨਾ ਨਾਲ ਮਰੀਜ਼ ਮਰ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਿਖੀਆਂ ਚਿੱਠੀਆਂ ਕੋਰੋਨਾ ਖਿਲਾਫ ਲੜਨ ਲਈ ਕੀਤੇ ਪ੍ਰਬੰਧਾਂ ਤੋਂ ਪਰਦਾ ਚੁੱਕ ਰਹੀਆਂ ਨੇ। ਕੇਂਦਰ ਨੇ ਪੰਜਾਬ ਨੂੰ ਵੈਂਟੀਲੇਟਰ ਤਾਂ ਭੇਜੇ ਪਰ ਉਹਨਾਂ ‘ਚੋਂ ਬਹੁਤੇ ਇਸਤੇਮਾਲ ਹੋਣ ਦੇ ਯੋਗ ਹੀ ਨਹੀਂ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਵੈਂਟੀਲੇਟਰ ਠੀਕ ਨਾ ਹੋਣ ਬਾਰੇ ਕੇਂਦਰ ਨੂੰ ਚਿੱਠੀ ਲਿਖ ਕੇ ਆਪਣੀ ਡਿਊਟੀ ਪੂਰੀ ਕਰ ਦਿੱਤੀ। ਸੂਬੇ ‘ਚ ਕੋਰੋਨਾ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪਰ ਕੇਂਦਰ ਤੇ ਪੰਜਾਬ ਸਰਕਾਰ ਆਪਸ ‘ਚ ਚਿੱਠੀ-ਚਿੱਠੀ ਦੀ ਖੇਡ ਖੇਡ ਰਹੀਆਂ।”

error: Content is protected !!