ਜਲੰਧਰ ਦੇ ਪਿਮਜ਼ ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਏ ਗੰਭੀਰ ਇਲਜ਼ਾਮ

ਜਲੰਧਰ ਦੇ ਪਿਮਜ਼ ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਏ ਗੰਭੀਰ ਇਲਜ਼ਾਮ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਕੋਰੋਨਾ ਇਸ ਸਮੇਂ ਸਿਖ਼ਰ ‘ਤੇ ਹੈ। ਜਲੰਧਰ ਦੇ ਹਸਪਤਾਲਾਂ ‘ਚੋਂ ਲਗਾਤਾਰ ਅਣਗਹਿਲੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਇੱਕ ਮਾਮਲਾ ਜਲੰਧਰ ਦੇ ਪਿਮਜ਼ ਹਸਪਤਾਲ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਜ਼ੇਰੇ ਇਲਾਜ ਬਜ਼ੁਰਗ ਔਰਤ ਨੂੰ ਦੂਜੇ ਹਸਪਤਾਲ ਵਿੱਚ ਤਬਦੀਲ ਕਰਦਿਆਂ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਸਪਤਾਲ ਵਲੋਂ ਆਕਸੀਜ਼ਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਮੌਤ ਹੋਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕਿਸ਼ਨਪੁਰਾ ਦੇ ਜੈਮਲ ਨਗਰ ਦੀ ਰਾਧਾ ਰਾਣੀ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਕਰੀਬ 1 ਘੰਟੇ ਤੋਂ ਵੱਧ ਸਮਾਂ ਰਾਧਾ ਰਾਣੀ ਵ੍ਹੀਲ ਚੇਅਰ ‘ਤੇ ਬੈਠੀ ਤੜਫਦੀ ਰਹੀ ਪਰ ਹਸਪਤਾਲ ਵਲੋਂ ਉਸ ਨੂੰ ਆਕਸੀਜਨ ਵਾਲੇ ਸਿਲੰਡਰ ਦੀ ਬਜਾਏ ਖਾਲੀ ਸਿਲੰਡਰ ਦਿੱਤਾ ਸੀ। ਮੌਤ ਤੋਂ ਬਾਅਦ ਵੀ ਉਸਦੀ ਲਾਸ਼ ਨੂੰ ਵ੍ਹੀਲ ਚੇਅਰ ਉੱਤੇ ਪਈ ਰਹੀ ਅਤੇ ਪਰਿਵਾਰ ਵਿਲਕਦਾ ਰਿਹਾ।

ਪਰਿਵਾਰ ਵੱਲੋਂ ਸੂਚਨਾ ਦੇਣ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਹਸਪਤਾਲ ਪੁੱਜੀ ਅਤੇ ਮ੍ਰਿਤਕ ਦੇਹ ਨੂੰ ਪੈਕ ਕਰ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਲਈ ਹਸਪਤਾਲ ਪ੍ਰਸ਼ਾਸਨ ਜਿੰਮੇਵਾਰ ਹੈ, ਕਿਉਂਕਿ ਜੇਕਰ ਸਮੇਂ ਸਿਰ ਆਕਸੀਜਨ ਮਿਲ ਜਾਂਦੀ ਤਾਂ ਇਹ ਮੌਤ ਨਹੀਂ ਸੀ ਹੋਣੀ ।

ਓਧਰ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਕਸੀਜਨ ਸਿਲੰਡਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!