ਜਾਖੜ ਨੇ ਕੈਪਟਨ ਦਾ ਪੂਰਿਆ ਪੱਖ਼, ਨਾਰਾਜ਼ ਧੜੇ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਜਾਖੜ ਨੇ ਕੈਪਟਨ ਦਾ ਪੂਰਿਆ ਪੱਖ਼, ਨਾਰਾਜ਼ ਧੜੇ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਚੰਡੀਗੜ੍ਹ(ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਪਿਛਲੇ ਕਾਫੀ ਦਿਨਾਂ ਤੋਂ ਘਮਸਾਣ ਚੱਲ ਰਿਹਾ ਹੈ। ਕੁਝ ਮੰਤਰੀ ਤੇ ਵਿਧਾਇਕ ਕੈਪਟਨ ਖਿਲਾਫ਼ ਬੇਅਦਬੀ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬੋਲ ਰਹੇ ਹਨ। ਪਿਛਲੇ ਦਿਨੀਂ ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਪਰ ਅੱਜ ਇਕ ਪ੍ਰੈਸ ਬਿਆਨ ਰਾਹੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਿਆ ਹੈ ਤੇ ਨਾਰਾਜ਼ ਧੜੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਆਫ਼ਤ ਦੇ ਮੌਕੇ ਆਪਣਾ ਦਾਅ ਲਾਉਣ ਦੀ ਤਾੜ ‘ਚ ਬੈਠੇ ਕੁਝ ਆਗੂਆਂ ਤੋਂ ਸੁਚੇਤ ਰਹਿਣਾ ਦੀ ਲੋੜ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਾਗ਼ੀਆਂ ਦੀਆਂ ਮੀਟਿੰਗਾਂ ‘ਚ ਸ਼ਾਮਲ ਨੇਤਾਵਾਂ ਅਤੇ ਮੰਤਰੀਆਂ ਦੀ ਗਿਣਤੀ ਦੇ ਝੂਠੇ ਅੰਕੜੇ ਜਾਰੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਜਾਖੜ ਨੇ ਪਾਰਟੀ ਆਗੂਆਂ ਨੂੰ ਉਨ੍ਹਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਫ਼ਤ  ਵਿਚ ਅਵਸਰ’ ਭਾਲਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਅਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿਤ ਨਹੀਂ ਕਹੇ ਜਾ ਸਕਦੇ।

ਅੱਜ ਇੱਥੋਂ ਜਾਰੀ ਬਿਆਨ ਵਿਚ  ਜਾਖੜ ਨੇ ਕਿਹਾ ਕਿ  ਹਾਈਕੋਰਟ ਦੇ  ਐਸ .ਆਈ.ਟੀ ਦੀ ਜਾਂਚ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਬੇਸ਼ੱਕ ਲੋਕਾਂ ਦੇ ਮਨਾਂ ਵਿਚ ਇਸ ਕੇਸ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਤੇ ਪੂਰੀ ਗੰਭੀਰ ਹੈ ਅਤੇ ਇਸ ਕੇਸ ਵਿਚ ਇਨਸਾਫ਼ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਕਤ ਵਿਚ ਜੋ ਲੋਕ ਮੌਕਾ ਲੱਭ ਕੇ ਜੋ ਵਿਹਾਰ ਕਰ ਰਹੇ ਹਨ ਉਹਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ।

ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿਚ ਹਾਜ਼ਰ ਲੋਕਾਂ ਦੇ ਝੂਠੇ ਅੰਕੜੇ  ਦੇ ਕੇ ਇਹ ਨੇਤਾ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਸਲ ਵਿਚ ਕੋਈ ਮੁਹਿੰਮ ਹੈ ਹੀ ਨਹੀਂ ਹੈ। ਉਨ੍ਹਾਂ ਨੇ ਅਲਟੀਮੇਟਮ ਦੇਕੇ ਝੂਠੀ ਵਾਹ-ਵਾਹ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੋਂ ਪਾਰਟੀ ਆਗੂਆਂ ਨੂੰ ਖ਼ਬਰਦਾਰ  ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਪਾਰਟੀ ਦੀ ਸਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ਤੇ ਪਾਰਟੀ ਹਾਈਕਮਾਂਡ ਨਿਗ੍ਹਾ ਰੱਖ ਰਹੀ ਹੈ ਅਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਤ ਹੋਵੇਗਾ। ਇਸ ਲਈ ਅਜਿਹੇ ਨੇਤਾਵਾਂ ਤੋਂ ਦੂਰ ਰਿਹਾ ਜਾਵੇ ਜੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਇਸ ਸਮੇਂ ਪੰਜਾਬ ਦੇ ਅਸਲ ਮੁੱਦੇ, ਕੋਵਿਡ ਖ਼ਿਲਾਫ਼ ਲੜੀ ਜਾ ਰਹੀ ਲੜਾਈ ਦੀ ਬਜਾਏ ਆਪਣੇ ਹਿਤ ਪਿਆਰੇ ਹੋਏ ਪਏ ਹਨ।

ਜਾਖੜ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਸੀਨੀਅਰ ਆਗੂ ਦੀ ਕੋਈ ਭਾਵਨਾ ਨੂੰ ਠੇਸ ਪੁੱਜੀ  ਹੈ ਤਾਂ ਉਹਦਾ ਹੱਲ ਕਰਨ ਲਈ ਹਾਈਕਮਾਂਡ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸਾਰਾ ਮਸਲਾ ਧਿਆਨ ਵਿਚ ਹੈ ਅਤੇ ਇਸ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕਿਸੇ ਗ਼ਲਤਫ਼ਹਿਮੀ ਵਿਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਇਆ ਜਾਵੇ ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਇਸ ਵੇਲੇ ਵੱਡੀ ਜ਼ਰੂਰਤ ਕੋਵਿਡ ਨੂੰ ਰੋਕੇ ਜਾਣ ਦੀ ਹੈ।

error: Content is protected !!